ਪੱਤਰ ਪ੍ਰੇਰਕ
ਝੁਨੀਰ, 7 ਅਗਸਤ
ਕਸਬਾ ਝੁਨੀਰ ਦੇ ਨਰਮਾ ਉਤਪਾਦਕ ਮਲੂਕ ਸਿੰਘ, ਜਗਸੀਰ ਸਿੰਘ ਸਾਬਕਾ ਮੈਂਬਰ, ਤਰਸੇਮ ਸਿੰਘ ਸਿੱਧੂ, ਸਰਬਜੀਤ ਸਿੰਘ ਸਿੱਧੂ ਅਤੇ ਕਿਸਾਨਾਂ ਦੇ ਇੱਕ ਵਫ਼ਦ ਨੇ ਦੱਸਿਆ ਕਿ ਨਰਮਾ ਬੈਲਟ ਵਜੋਂ ਜਾਣੇ ਜਾਂਦੇ ਇਸ ਖੇਤਰ ਦੇ ਦਰਜਨਾਂ ਪਿੰਡਾਂ ਦੇ 80 ਫ਼ੀਸਦੀ ਤੋਂ ਵਧੀਕ ਕਿਸਾਨਾਂ ਨੇ ਇਸ ਵਾਰ ਭਾਰੀ ਮੀਂਹਾਂ ਤੋਂ ਬਾਅਦ ਗੁਲਾਬੀ ਸੁੰਡੀ ਅਤੇ ਚਿੱਟੇ ਦੀ ਮਾਰ ਵਿਚ ਆਈ ਨਰਮੇ ਦੀ ਤਬਾਹ ਹੋਈ ਫ਼ਸਲ ਬਹੁਤ ਹੀ ਦੁਖੀ ਮਨ ਨਾਲ ਵਾਹ ਦਿੱਤੀ ਸੀ। ਸੂਬਾਈ ਬਜ਼ੁਰਗ ਕਿਸਾਨ ਆਗੂ ਹਰਦੇਵ ਸਿੰਘ ਕੋਟਧਰਮੂ, ਸੇਵਾਮੁਕਤ ਮੁੱਖ ਅਧਿਆਪਕ ਗੁਰਜੰਟ ਸਿੰਘ ਅਤੇ ਗੁਰਚਰਨ ਸਿੰਘ ਸਿੱਧੂ ਨੇ ਕਿਹਾ ਕਿ ਇਸ ਵਾਰ ਇਕ ਪਾਸੇ ਤਾਂ ਨਰਮੇ ਦੀ ਹਰੀ ਭਰੀ ਫਸਲ ਕਾਫੀ ਹੱਦ ਤਕ ਤਬਾਹ ਹੋ ਚੁੱਕੀ ਹੈ ਤੇ ਉਮੀਦ ਨਾਲ ਬੀਜੀ ਮੂੰਗੀ ਦੀ 40 ਫ਼ੀਸਦੀ ਤੋਂ ਵੱਧ ਫ਼ਸਲ ਵੀ ਭਾਰੀ ਮੀਂਹਾਂ ਦੌਰਾਨ ਬਿਲਕੁਲ ਤਬਾਹ ਹੋ ਚੁੱਕੀ ਹੈ। ਕਿਸਾਨ ਵਫ਼ਦ ਨੇ ਕਿਹਾ ਕਿ ਜੇਕਰ ਇਸ ਵਾਰ ਰਾਜ ਅਤੇ ਕੇਂਦਰ ਸਰਕਾਰ ਨੇ ਬਰਬਾਦ ਹੋਈਆਂ ਫਸਲਾਂ ਦੀ ਤੁਰੰਤ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਢੁੱਕਵਾਂ ਮੁਆਵਜ਼ਾ ਨਾ ਦਿੱਤਾ ਤਾਂ ਕਿਸਾਨਾਂ ਲਈ ਅਗਲੇ ਸਾਲ ਖੇਤੀ ਦੀ ਕਾਸ਼ਤ ਕਰਨੀ ਕਾਫੀ ਮੁਸ਼ਕਿਲ ਹੋ ਜਾਵੇਗੀ।