ਨਿੱਜੀ ਪੱਤਰ ਪ੍ਰੇਰਕ
ਮੋਗਾ, 21 ਅਪਰੈਲ
ਕਰੋਨਾ ਦੀ ਵਧ ਰਹੀ ਲਾਗ ਕਾਰਨ ਮਜ਼ਦੂਰ ਤੇ ਮੱਧ ਵਰਗ ਵਿੱਚ ਬੇਚੈਨੀ ਵਧਦੀ ਜਾ ਰਹੀ ਹੈ। ਰਾਤ ਦੇ ਕਰਫਿਊ ਕਾਰਨ ਬਾਜ਼ਾਰਾਂ ਵਿੱਚ ਸੁੰਨ ਪਸਰ ਜਾਂਦੀ ਹੈ। ਇਸ ਕਾਰਨ ਸਬਜ਼ੀ ਰੇਹੜੀ-ਫੜੀ ਦਾ ਕੰਮ ਕਰਨ ਵਾਲੇ ਪਰਵਾਸੀ ਮਜ਼ਦੂਰ ਪ੍ਰਸ਼ਾਨ ਹਨ, ਉਨ੍ਹਾਂ ਨੂੰ ਲੌਕਡਾਊਨ ਦਾ ਡਰ ਸਤਾ ਰਿਹਾ ਹੈ। ਸਬਜ਼ੀ ਦੇ ਰੇਹੜੀ ਲਾਉਣ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਾਢੇ ਸੱਤ ਵਜੇ ਹੀ ਘਰਾਂ ਨੂੰ ਤੋਰ ਦਿੱਤਾ ਜਾਂਦਾ ਹੈ।
ਡੀਐੱਸਪੀ ਸਿਟੀ ਬਰਜਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਸ਼ਹਿਰੀ ਕਾਰੋਬਾਰੀਆਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਨੂੰ ਕਰੋਨਾ ਮਹਾਮਾਰੀ ਤਹਿਤ ਸਰਕਾਰੀ ਹਦਾਇਤਾਂ ਦੀ ਪਾਲਣਾ ਲਈ ਆਖ ਦਿੱਤਾ ਗਿਆ ਹੈ। ਉਨ੍ਹਾਂ ਮੁੱਖ ਚੌਕ ਵਿੱਚ ਸਥਿਤੀ ਦਾ ਜਾਇਜ਼ਾ ਲੈਂਦੇ ਲੋਕਾਂ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ। ਏਡੀਸੀ ਅਨੀਤਾ ਦਰਸ਼ੀ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਸਾਰੇ ਬਾਰ, ਸਿਨੇਮਾ ਹਾਲ, ਜਿਮ, ਸਪਾ, ਸਵਿਮਿੰਗ ਪੂਲ, ਕੋਚਿੰਗ ਸੈਂਟਰ ਤੇ ਸਪੋਰਟਸ ਕੰਪਲੈਕਸ 30 ਅਪਰੈਲ ਤੱਕ ਬੰਦ ਰਹਿਣਗੇ। ਹੋਮ ਡਿਲੀਵਰੀ ਦੀ ਆਗਿਆ ਹੋਵੇਗੀ। ਰਾਤ 8 ਤੋਂ ਸਵੇਰੇ 5 ਵਜੇ ਤੱਕ ਕਰਫਿਊ ਰਹੇਗਾ। 10 ਜਣਿਆਂ ਤੋਂ ਵੱਧ ਇਕੱਠ ਕਰਨ ਲਈ ਐੱਸਡੀਐੱਮ ਤੋਂ ਮਨਜੂਰੀ ਲੈਣੀ ਲਾਜ਼ਮੀ ਹੋਵੇਗੀ।