ਪੱਤਰ ਪ੍ਰੇਰਕ
ਬੁਢਲਾਡਾ, 20 ਜਨਵਰੀ
ਇੱਥੋਂ ਦੇ ਰਿਲਾਇੰਸ ਪੈਟਰੋਲ ਪੰਪ ਉੱਤੇ ਧਰਨੇ ’ਚ ਸ਼ਾਮਲ ਸੰਯੁਕਤ ਕਿਸਾਨ ਮੋਰਚੇ ਵਾਲੀਆਂ ਕਿਸਾਨ ਜੱਥੇਬੰਦੀਆਂ ਵੱਲੋਂ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਮੌਕੇ ਸਹੁੰ ਚੁੱਕ ਕੇ ਪ੍ਰਣ ਲਿਆ ਗਿਆ ਕਿ ਕਿਸਾਨ ਗੁਰੂ ਜੀ ਦੇ ਜੀਵਨ ਤੋਂ ਪ੍ਰੇਰਣਾ ਲੈਂਦੇ ਹੋਏ ਜਬਰ ਜ਼ੁਲਮ ਤੇ ਬੇਇਨਸਾਫ਼ੀ ਖ਼ਿਲਾਫ਼ ਆਪਣੇ ਕਿਸਾਨ ਅੰਦੋਲਨ ਨੂੰ ਹੋਰ ਵਿਸ਼ਾਲ ਬਣਾਉਣ ਲਈ ਪੂਰੀ ਵਾਹ ਲਾ ਦੇਣਗੇ। 111ਵੇਂ ਦਿਨ ਵਿੱਚ ਸ਼ਾਮਲ ਹੋਏ ਇਸ ਧਰਨੇ ’ਤੇ ਦੇਗ ਵੀ ਵਰਤਾਈ ਗਈ ਤੇ ਕਿਸਾਨਾਂ ਵੱਲੋਂ ਬੋਲੇ ਸੋ ਨਿਹਾਲ ਦੇ ਜੈਕਾਰੇ ਲਾਉਂਦਿਆਂ ਸੂਰਾ ਸੋ ਪਹਿਚਾਣੀਏ, ਜੋ ਲੜੈ ਦੀਨ ਕੇ ਹੇਤ, ਦੋਹਰੇ ਦਾ ਉਚਾਰਨ ਵੀ ਕੀਤਾ ਗਿਆ। ਅੱਜ ਦਾ ਧਰਨਾ ਪੂਰੀ ਤਰ੍ਹਾਂ ਖਾਲਸਈ ਜਲੌਅ ’ਚ ਰੰਗਿਆ ਦਿੱਸ ਰਿਹਾ ਸੀ।
ਇਸ ਮੌਕੇ ਕਿਸਾਨ ਆਗੂ ਮੇਜਰ ਸਿੰਘ ਰੱਲੀ, ਹਰਿੰਦਰ ਸਿੰਘ ਸੋਢੀ, ਜਸਵੰਤ ਸਿੰਘ ਫਫੜੇ ਭਾਈ ਕੇ, ਕਾਮਰੇਡ ਜਸਵੰਤ ਸਿੰਘ ਬੀਰੋਕੇ ਕਲਾਂ, ਨੰਬਰਦਾਰ ਜਰਨੈਲ ਸਿੰਘ ਗੁਰਨੇ, ਕੌਰ ਸਿੰਘ ਮੰਡੇਰ ਨੇ ਕਿਹਾ ਕਿ ਅੱਜ 21ਵੀਂ ਸਦੀ ਦੇ ਲੋਕ ਜਾਤਾਂ-ਪਾਤਾਂ, ਧਰਮਾ ਤੇ ਵੱਖ-ਵੱਖ ਖੇਤਰਾਂ ਤੋਂ ਉੱਪਰ ਉੱਠ ਕੇ ਕਿਰਤੀ ਕਿਸਾਨਾਂ ਨਾਲ ਇੱਕਜੁੱਟ ਹੁੰਦਿਆਂ ਕਿਸਾਨੀ ਸੰਘਰਸ਼ ਦੇ ਮੈਦਾਨ ਵਿੱਚ ਡਟੇ ਹੋਏ ਹਨ। ਜਿਨ੍ਹਾਂ ਨਾਲ ਕਿਸਾਨ ਔਰਤਾਂ ਵੀ ਮੋਢੇ ਨਾਲ ਮੋਢਾ ਲਾ ਕੇ ਚਟਾਨ ਵਾਂਗ ਖੜ੍ਹੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤਾਂ ਤੋਂ ਲੱਗਦਾ ਹੈ ਕਿ ਹੁਣ ਦਿੱਲੀ ਦੂਰ ਨਹੀਂ ਹੈ।