ਜੋਗਿੰਦਰ ਸਿੰਘ ਮਾਨ
ਮਾਨਸਾ, 9 ਦਸੰਬਰ
ਇੱਥੇ ਬੀਤੇ ਦਿਨੀਂ ਇਕ ਭਾਜਪਾ ਆਗੂ ਦੇ ਘਰ ਦਾ ਘਿਰਾਓ ਕਰ ਰਹੇ ਕਿਸਾਨਾਂ ਨਾਲ ਇੱਕ ਮਹਿਲਾ ਵੱਲੋਂ ਕਥਿਤ ਤੌਰ ’ਤੇ ਬਦਸਲੂਕੀ ਕੀਤੇ ਜਾਣ ਦਾ ਮਾਮਲਾ ਦਿਨੋਂ-ਦਿਨ ਭੱਖਦਾ ਜਾ ਰਿਹਾ ਹੈ। ਕਿਸਾਨ ਮੁਆਫ਼ੀ ਮੰਗਵਾਉਣ ਸਬੰਧੀ ਮੰਗ ’ਤੇ ਅੜੇ ਹੋਏ ਹਨ। ਇਸੇ ਸਬੰਧ ਵਿੱਚ ਅੱਜ ਕਿਸਾਨਾਂ ਵੱਲੋਂ ਮੁੜ ਥਾਣਾ ਸਿਟੀ-1 ਦਾ ਘਿਰਾਓ ਕੀਤਾ ਗਿਆ। ਇਸ ਦੌਰਾਨ ਕਿਸੇ ਮੁਲਾਜ਼ਮਾਂ ਜਾਂ ਹੋਰ ਵਿਅਕਤੀ ਨੂੰ ਨਾ ਥਾਣੇ ਦੇ ਅੰਦਰ ਜਾਣ ਦਿੱਤਾ ਗਿਆ ਤੇ ਨਾ ਹੀ ਬਾਹਰ ਆਉਣ ਦਿੱਤਾ ਗਿਆ। ਪੁਲੀਸ ਮੁਲਾਜ਼ਮ ਕੰਧਾਂ ਟੱਪ ਕੇ ਥਾਣੇ ਅੰਦਰ ਆਉਂਦੇ-ਜਾਂਦੇ ਦੇਖੇ ਗਏ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਂਹਾ) ਨੇ ਕਾਰਵਾਈ ਨਾ ਹੋਣ ’ਤੇ ਵੀਰਵਾਰ ਨੂੰ ਮੁੜ ਥਾਣੇ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ।
ਥਾਣਾ ਸਿਟੀ-1 ਅੱਗੇ ਧਰਨੇ ਅੱਗੇ ਦਿੱਤੇ ਗਏ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਇੰਦਰਜੀਤ ਸਿੰਘ ਝੱਬਰ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਭਾਜਪਾ ਆਗੂ ਸੂਰਜ ਛਾਬੜਾ ਦੇ ਘਰ ਅੱਗੇ ਸ਼ਾਂਤਮਈ ਤਰੀਕੇ ਨਾਲ ਰੋਸ ਪਰਦਰਸ਼ਨ ਕੀਤਾ ਜਾ ਰਿਹਾ ਸੀ। ਇਸ ਦੌਰਾਨ ਭਾਜਪਾ ਆਗੂ ਦੇ ਪਰਿਵਾਰ ਦੀ ਇੱਕ ਮਹਿਲਾ ਨੇ ਉਨ੍ਹਾਂ ਨੂੰ ਅਪਸ਼ਬਦ ਕਹੇ ਅਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ। ਉਨ੍ਹਾਂ ਕਿਹਾ ਕਿ ਤਿੰਨ ਦਿਨ ਤੋਂ ਉਹ ਧਰਨੇ ਲਗਾ ਕੇ ਪੁਲੀਸ ਪਾਸੋਂ ਮਹਿਲਾ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ, ਪਰ ਪੁਲੀਸ ਇਸ ਸਬੰਧੀ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆ ਰਹੀ। ਉਨ੍ਹਾਂ ਕਿਹਾ ਕਿ ਉਹ ਲਗਾਤਾਰ ਥਾਣੇ ਦਾ ਘਿਰਾਓ ਕਰਦੇ ਰਹਿਣਗੇ ਅਤੇ ਜਦੋਂ ਤੱਕ ਪੁਲੀਸ ਕਾਰਵਾਈ ਨਹੀਂ ਕਰਦੀ ਉਨ੍ਹਾਂ ਦਾ ਇਹ ਵਿਰੋਧ ਇਸੇ ਤਰ੍ਹਾਂ ਜਾਰੀ ਰਹੇਗਾ।
ਕਿਸਾਨਾਂ ਨੇ ਦਾਅਵਾ ਕੀਤਾ ਕਿ ਥਾਣੇ ਦੇ ਘਿਰਾਓ ਦੌਰਾਨ ਪੁਲੀਸ ਮੁਲਾਜ਼ਮ ਕੰਧਾਂ ਟੱਪ ਕੇ ਥਾਣੇ ਅੰਦਰ ਆਉਂਦੇ ਜਾਂਦੇ ਰਹੇ, ਪਰ ਉਨ੍ਹਾਂ ਦੀ ਗੱਲ ਨਹੀਂ ਸੁਣੀ ਗਈ। ਇਸ ਮੌਕੇ ਸਾਧੂ ਸਿੰਘ ਅਲੀਸ਼ੇਰ, ਜਗਦੇਵ ਸਿੰਘ ਭੈਣੀਬਾਘਾ, ਮਲਕੀਤ ਸਿੰਘ, ਲੀਲਾ ਸਿੰਘ, ਬਿੱਟੂ ਸਿੰਘ ਖੋਖਰ, ਗੁਰਦੀਪ ਸਿੰਘ ਨੇ ਵੀ ਸੰਬੋਧਨ ਕੀਤਾ।
ਇਸੇ ਦੌਰਾਨ ਥਾਣਾ ਸਿਟੀ-1 ਦੇ ਮੁਖੀ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਇਸ ਸਬੰਧੀ ਕਿਸਾਨਾਂ ਨੇ ਇੱਕ ਸ਼ਿਕਾਇਤ ਦਿੱਤੀ ਹੈ, ਜਿਸ ਦੀ ਪੜਤਾਲ ਕੀਤੀ ਜਾ ਰਹੀ ਹੈ। ਉੱਧਰ, ਭਾਜਪਾ ਆਗੂ ਸੁਮੀਰ ਛਾਬੜਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕਿਸੇ ਵੀ ਪਰਿਵਾਰਕ ਮੈਂਬਰ ਨੇ ਕਿਸਾਨਾਂ ਨਾਲ ਕੋਈ ਬਦਸਲੂਕੀ ਜਾਂ ਮਾੜਾ ਵਿਵਹਾਰ ਨਹੀਂ ਕੀਤਾ ਹੈ ਸਗੋਂ ਉਨ੍ਹਾਂ ਦਾ ਸਾਰਿਆਂ ਨਾਲ ਚੰਗਾ ਪਿਆਰ ਹੈ।