ਜੋਗਿੰਦਰ ਸਿੰਘ ਮਾਨ
ਮਾਨਸਾ, 23 ਮਈ
ਮਾਲਵਾ ਖੇਤਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਅੱਧੀ ਰਾਤ ਤੋਂ ਅੱਜ ਸ਼ਾਮ ਤੱਕ ਅੱਡੋ-ਅੱਡੀ ਰੂਪ ’ਚ ਪੈਣ ਲੱਗੇ ਮੀਂਹ ਨੇ ਗਰਮੀ ਦੇ ਪ੍ਰਕੋਪ ਤੋਂ ਲੋਕਾਂ ਨੂੰ ਰਾਹਤ ਦਿੱਤੀ ਹੈ। ਚਿਰਾਂ ਤੋਂ ਲੂ ਨਾਲ ਝੁਲਸੇ ਲੋਕਾਂ ਨੂੰ ਪਹਿਲੀ ਵਾਰ ਠੰਢ ਦਾ ਅਹਿਸਾਸ ਹੋਇਆ ਹੈ। ਮੀਂਹ ਖੇਤਾਂ ਵਿੱਚ ਰੌਣਕ ਮੇਲਾ ਲਾ ਦਿੱਤਾ ਹੈ, ਪਰ ਇਹ ਮੀਂਹ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਲਈ ਆਫ਼ਤ ਬਣਕੇ ਬੁਹੜਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੇ ਖੇਤੀ ਵਿਭਾਗ ਦੇ ਮਾਹਿਰਾਂ ਨੇ ਮਾਲਵਾ ਖੇਤਰ ’ਚ ਚੱਲੀਆਂ ਠੰਢੀਆਂ ਹਵਾਵਾਂ ਨਾਲ ਪਏ ਇਸ ਮੀਂਹ ਨੂੰ ਗਰਮੀ ਤੋਂ ਰਾਹਤ ਦੱਸਦਿਆਂ ਪਸ਼ੂਆਂ ਦੇ ਹਰੇ-ਚਾਰੇ ਸਮੇਤ ਸਬਜ਼ੀਆਂ ਤੇ ਨਰਮੇ ਲਈ ਲਾਭਕਾਰੀ ਦੱਸਿਆ ਹੈ। ਮੌਸਮ ਵਿਭਾਗ ਅਨੁਸਾਰ ਇਹ ਮੀਂਹ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਸਣੇ ਉਤਰੀ ਭਾਰਤ ਦੇ ਰਾਜਾਂ ’ਤੇ ਪੈ ਰਿਹਾ ਹੈ, ਜਿਸ ਦੇ ਚੱਲਦਿਆਂ ਮਈ ’ਚ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਹੈ। ਕਿਹਾ ਗਿਆ ਹੈ ਕਿ 24 ਮਈ ਤੱਕ ਮੌਸਮ ਇੰਝ ਹੀ ਸੁਹਾਵਣਾ ਬਣਿਆ ਰਹੇਗਾ। ਇਸ ਮੀਂਹ ਨਾਲ ਭਾਵੇ ਗਰਮੀ ਤੋਂ ਕੁਝ ਰਾਹਤ ਮਿਲੀ ਹੈ ਤੇ ਇਲਾਕੇ ’ਚ ਕਈ ਦਿਨਾਂ ਤੋਂ ਉਗੇ ਹੋਏ ਨਰਮੇ ਸਮੇਤ ਪਸ਼ੂਆਂ ਦਾ ਹਰਾ ਚਾਰਾ ਤੇ ਗਰਮੀ ਨਾਲ ਮੁਰਝਾ ਰਹੀਆਂ ਸ਼ਬਜ਼ੀਆਂ ਦੀ ਸੜਨ ਤੋਂ ਕਾਫ਼ੀ ਬੱਚਤ ਹੋਈ ਹੈ, ਪਰ ਇੱਕਾ-ਦੁੱਕਾ ਥਾਵਾਂ ’ਤੇ ਪਛੇਤੇ ਬੀਜੇ ਨਰਮੇ ਦਾ ਕਿਸਾਨਾਂ ਨੂੰ ਸਭ ਤੋਂ ਵੱਧ ਦੁੱਖ ਹੋਇਆ ਹੈ। ਕਿਸਾਨਾਂ ਨੂੰ ਲੇਟ ਬੀਜਿਆ ਨਰਮਾ ਕਰੰਡ ਹੋਣ ਦਾ ਖਦਸ਼ਾ ਹੈ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਇਸ ਮੀਂਹ ਨੇ ਖੇਤਾਂ ਵਿੱਚ ਵਾਰੇ-ਨਿਆਰੇ ਕਰ ਦਿੱਤੇ ਹਨ। ਨਿੱਕੀਆਂ ਤੇ ਵੱਡੀਆਂ ਕਣੀਆਂ ਸਮੇਤ ਪਏ ਗੜਿਆਂ ਨੇ ਠਾਰੀ ਪੈਦਾ ਕਰ ਦਿੱਤੀ ਹੈ। ਇਸੇ ਦੌਰਾਨ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ਼ ਕੇਂਦਰ ਦੇ ਵਿਗਿਆਨੀ ਡਾ. ਜੀ.ਐਸ ਰੋਮਾਣਾ, ਖੇਤੀ ਵਿਭਾਗ ਮਾਨਸਾ ਦੇ ਵਿਕਾਸ ਅਫ਼ਸਰ ਡਾ. ਮਨੋਜ਼ ਕੁਮਾਰ ਨੇ ਪੰਜਾਬ ਦੇ ਇਸ ਇਲਾਕੇ ’ਚ 24 ਮਈ ਤੱਕ ਮੀਂਹ ਪੈਣ ਦੀ ਹਾਮੀ ਭਰੀ ਹੈ।
ਭੁੱਚੋ ਮੰਡੀ (ਪੱਤਰ ਪ੍ਰੇਰਕ) ਇਲਾਕੇ ਵਿੱਚ ਅੱਜ ਸ਼ਾਮ ਨੂੰ ਸਾਢੇ ਕੁ ਪੰਜ ਵਜੇ ਮੀਂਹ ਪੈਣ ਕਾਰਨ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ। ਮੀਂਹ ਦੌਰਾਨ ਤੇਜ਼ ਹਵਾ ਵੀ ਚੱਲਦੀ ਰਹੀ। ਗਲੀਆਂ ਵਿੱਚ ਬੱਚਿਆਂ ਨੇ ਮੀਂਹ ਵਿੱਚ ਨਹਾਉਣ ਦਾ ਅਨੰਦ ਮਾਣਿਆ। ਕੱਲ੍ਹ ਤੋਂ ਆਸਮਾਨ ਵਿੱਚ ਹਲਕੀ ਬੱਦਲਵਾਈ ਬਣੀ ਹੋਈ ਸੀ ਤੇ ਰਾਤ ਦੇ ਕਰੀਬ ਤਿੰਨ ਵਜੇ ਹਨੇਰੀ ਵੀ ਚੱਲੀ। ਇਸ ਦੌਰਾਨ ਸਵੇਰ ਤੱਕ ਬਿਜਲੀ ਸਪਲਾਈ ਠੱਪ ਰਹੀ ਤੇ ਕੌਮੀ ਮਾਰਗ ’ਤੇ ਕੁਝ ਕਾਰੋਬਾਰੀਆਂ ਦੇ ਬਰੋਡਾਂ ਦਾ ਨੁਕਸਾਨ ਵੀ ਹੋਇਆ।
ਸਿਰਸਾ (ਨਿੱਜੀ ਪੱਤਰ ਪ੍ਰੇਰਕ) ਇਥੇ ਲੰਘੀ ਦੇਰ ਰਾਤ ਗਰਜ ਤੇ ਝੱਖੜ ਮਗਰੋਂ ਹੋਈ ਕਿਣਮਿਣ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਕਿਣਮਿਣ ਗਰਮੀ ਨਾਲ ਝੁਲਸ ਰਹੇ ਨਰਮੇ ਦੀ ਫ਼ਸਲ ਲਈ ਕਾਫੀ ਲਾਭਦਾਇਕ ਦੱਸਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ’ਚ ਗਰਜ ਤੇ ਝੱਖੜ ਮਗਰੋਂ ਕਿਣਮਿਣ ਹੋਈ ਜਿਸ ਨਾਲ ਪਿਛਲੇ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ।
ਸ਼ਹਿਣਾ (ਪੱਤਰ ਪ੍ਰੇਰਕ) ਲੰਘੀ ਰਾਤ ਸ਼ਹਿਣਾ ਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਮੀਂਹ ਤੇ ਝੱਖੜ ਆਇਆ। ਅੱਧੀ ਰਾਤ ਤੋਂ ਸਵੇਰ ਤੱਕ ਬਿਜਲੀ ਸੇਵਾ ਪ੍ਰਭਾਵਿਤ ਰਹੀ।
ਰਾਮਾਂ ਮੰਡੀ (ਪੱਤਰ ਪ੍ਰੇਰਕ) ਅੱਜ ਦੇਰ ਸ਼ਾਮ ਨੂੰ ਇਲਾਕੇ ’ਚ ਆਏ ਝੱਖੜ-ਮੀਂਹ ਨਾਲ ਕੁਝ ਮਿੰਟ ਪਏ ਗੜ੍ਹਿਆਂ ਕਾਰਨ ਪਿੰਡ ਰਾਮਸਰਾ ’ਚ ਸਬਜ਼ੀ ਦੀਆਂ ਫਸਲਾਂ ਦੇ ਨੁਕਸਾਨ ਨਾਲ ਖੇਤਾਂ ’ਚ ਬੀਜੇ ਨਰਮੇ ਦੀ ਫਸਲ ਦਾ ਵੀ ਨੁਕਸਾਨ ਹੋਣ ’ਤੇ ਕਿਸਾਨਾਂ ਵੱਲੋਂ ਅਨੁਮਾਨ ਲਗਾਏ ਜਾ ਰਹੇ ਹਨ।
ਮਾਨਸਾ ’ਚ ਜਲ-ਥਲ, ਜ਼ਿਲ੍ਹਾ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਖੋਲ੍ਹੀ ਪੋਲ
ਮਾਨਸਾ (ਪੱਤਰ ਪ੍ਰੇਰਕ) ਮੌਸਮ ਮਹਿਕਮੇ ਵੱਲੋਂ ਮੀਂਹ ਪੈਣ ਦੀ ਦਿੱਤੀ ਚਿਤਾਵਨੀ ਦੇ ਬਾਵਜੂਦ ਮਾਨਸਾ ਪ੍ਰਸ਼ਾਸ਼ਨ ਦੇ ਪ੍ਰਬੰਧਾਂ ਦੀ ਮੁੜ ਪੋਲ-ਖੋਲ੍ਹਕੇ ਰੱਖ ਦਿੱਤੀ ਹੈ। ਨਗਰ ਕੌਂਸਲ ਦੇ ਸਾਰੇ ਪ੍ਰਬੰਧ ਧਰੇ-ਧਰਾਏ ਰਹਿ ਗਏ। ਦੇਰ ਸ਼ਾਮ ਤੱਕ ਸ਼ਹਿਰ ਦੇ ਬੱਸ ਸਟੈਂਡ ਹੋਰ ਸਾਰੇ ਮੁੱਖ ਮਾਰਗਾਂ ’ਤੇ ਜਲ-ਥਲ ਹੋਇਆ ਪਿਆ ਸੀ, ਜਿਸ ਕਾਰਨ ਲੰਘਣ-ਟੱਪਣ ਵਾਲਿਆਂ ਨੂੰ ਵੱਡੀ ਤਕਲੀਫ਼ ਦਾ ਸਾਹਮਣਾ ਕਰਨਾ ਪਿਆ ਹੈ। ਸੀਵਰੇਜ ਦੇ ਜਾਮ ਕਾਰਨ ਗੰਦਾ ਪਾਣੀ, ਮੀਂਹ ਦੇ ਪਾਣੀ ਵਿਚ ਰਲ ਗਿਆ, ਜਿਸ ਨੇ ਲੋਕਾਂ ਨੂੰ ਵੱਡੀ ਸਮੱਸਿਆ ਸਹੇੜ ਧਰੀ। ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚ ਪਾਣੀ ਭਰ ਜਾਣ ਨਾਲ ਦੁਕਾਨਦਾਰ ਦਿਨ ਖੜ੍ਹੇ ਹੀ ਦੁਕਾਨਾਂ ਬੰਦ ਕਰਕੇ ਘਰਾਂ ਨੂੂੰ ਜਾਣ ਲਈ ਮਜ਼ਬੂਰ ਹੋਏ। ਬੇਸ਼ੱਕ ਨਗਰ ਕੌਂਸਲ ਨੇ ਮੀਂਹਾਂ ਤੋਂ ਪਹਿਲਾਂ ਪਾਣੀ ਦੀ ਨਿਕਾਸੀ ਲਈ ਸਾਰੇ ਪ੍ਰਬੰਧ ਮੁਕੰਮਲ ਕਰਨ ਦਾ ਦਾਅਵਾ ਕੀਤਾ ਗਿਆ ਸੀ, ਪਰ ਅੱਜ ਦੇਰ ਸ਼ਾਮ ਪਏ ਮੀਂਹ ਨੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਜੋਗੇ ਨਹੀਂ ਛੱਡਿਆ, ਕਿਉਂਕਿ ਸ਼ਹਿਰ ਦੇ ਹਰ ਹਿੱਸੇ ਵਿਚਲੀਆਂ ਗਲੀਆਂ ’ਚ ਮੀਂਹ ਦਾ ਪਾਣੀ ਭਰ ਗਿਆ ਸੀ। ਸ਼ਹਿਰ ਦੇ ਅੰਡਰ ਬਰਿੱਜ ਵਿਚ ਵੱਡੀ ਮਾਤਰਾ ’ਚ ਪਾਣੀ ਜਮ੍ਹਾਂ ਹੋਣ ਕਾਰਨ ਦੋ ਪਹੀਆ ਵਾਹਨਾਂ ਲਈ ਵੱਡੀ ਮੁਸੀਬਤ ਬਣ ਗਈ, ਅਨੇਕਾਂ ਲੋਕਾਂ ਦੇ ਸਕੂਟਰ-ਮੋਟਰ ਸਾਈਕਲ ਇਸ ਪਾਣੀ ਵਿਚ ਬੰਦ ਹੋ ਗਏ। ਕਈ ਮੁਹੱਲਿਆਂ ਵਿਚ ਮੀਂਹ ਦਾ ਪਾਣੀ ਗਲੀਆਂ ਭਰਨ ਤੋਂ ਬਾਅਦ ਘਰਾਂ ਵਿੱਚ ਦਾਖਲ ਹੋ ਗਿਆ, ਲੋਕਾਂ ਨੂੰ ਇਹ ਪਾਣੀ ਘਰਾਂ ’ਚੋਂ ਬਾਲਟੀਆਂ ਨਾਲ ਬਾਹਰ ਕੱਢਣਾ ਪਿਆ। ਸੀਵਰੇਜ ਬੋਰਡ ਦੇ ਅਧਿਕਾਰੀ ਤੇ ਕਰਮਚਾਰੀ ਨਿਕਾਸੀ ਪ੍ਰਬੰਧਾਂ ਦੇ ਜਾਮ ਹੋਣ ਤੋਂ ਬਾਅਦ ਵੀ ਕਿਧਰੇ ਹਰਕਤ ਵਿਚ ਨਜ਼ਰ ਨਹੀਂ ਆਏ। ਨਗਰ ਕੌਂਸਲ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੀ ਮੀਂਹ ਤੋਂ ਬਾਅਦ ਬੜੀ ਮੁਸ਼ਕਲ ਨਾਲ ਦਫ਼ਤਰ ’ਚੋਂ ਘਰਾਂ ਨੂੰ ਜਾਣਾ ਪਿਆ।
ਬਠਿੰਡਾ ’ਚ ਬਾਰਸ਼ ਤੇ ਗੜਿਆਂ ਕਾਰਨ ਮੌਸਮ ਖੁਸ਼ਗਵਾਰ
ਬਠਿੰਡਾ (ਮਨੋਜ ਸ਼ਰਮਾ) ਅੱਜ ਦੁਪਹਿਰ ਬਾਅਦ ਬਠਿੰਡਾ ਖੇਤਰ ਵਿੱਚ ਹਲਕੀ ਤੇ ਦਰਮਿਆਨੀ ਬਾਰਸ਼ ਹੋਈ ਜਿਸ ਕਾਰਨ ਮੌਸਮ ਖੁਸ਼ਗਵਾਰ ਹੋ ਗਿਆ ਤੇ ਦਰੱਖਤਾਂ ਤੇ ਜੰਮੀ ਧੂੜ ਲਹਿ ਗਈ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਭਾਵੇਂ ਬੀਤੀ ਰਾਤ ਨੂੰ ਹੀ ਤੇ ਝੱਖੜ ਕਾਰਨ ਬਠਿੰਡਾ ਖੇਤਰ ਦੇ ਸੈਂਕੜੇ ਦਰੱਖ਼ਤ ਟੁੱਟਣ ਕਾਰਨ ਅੱਧੀ ਦਰਜਨ ਦੇ ਕਰੀਬ ਬਿਜਲੀ ਗਰਿੱਡਾਂ ਤੋਂ ਬਿਜਲੀ ਠੱਪ ਹੋ ਗਈ ਸੀ ਜਿਸ ਨੂੰ ਕਰਮਚਾਰੀਆਂ ਨੇ ਮੁਸ਼ੱਕਤ ਨਾਲ ਬਿਜਲੀ ਨੂੰ ਬਹਾਲ ਕੀਤਾ। ਅੱਜ ਬਾਅਦ ਦੁਪਹਿਰ ਹਲਕੀ ਤੇ ਦਰਮਿਆਨੀ ਬਾਰਸ਼ ਕਾਰਨ ਬਠਿੰਡਾ ਸ਼ਹਿਰ ਦੇ ਕੁਝ ਖੇਤਰਾਂ ਸਣੇ ਬਠਿੰਡਾ ਦਿਹਾਤੀ ਖੇਤਰ ਦੇ ਪਿੰਡ ਬਾਹੋਯਾਤਰੀ ਤਿਉਣਾ ਚੁੱਘੇ ਕਲਾਂ, ਚੁੱਘੇ ਖੁਰਦ, ਝੂੰਬਾ ਕੋਟਸ਼ਮੀਰ ਆਦਿ ਖੇਤਰ ਵਿੱਚ ਗੜੇਮਾਰੀ ਵੀ ਹੋਈ ਪਰ ਬਠਿੰਡਾ ਜ਼ਿਲ੍ਹੇ ਦੇ ਬਹੁਤੇ ਖੇਤਰਾਂ ਵਿੱਚ ਤੇਜ਼ ਹਨੇਰੀ ਚੱਲੀ ਤੇ ਹਲਕੀ ਬਾਰਸ਼ ਹੋਈ।