ਜੋਗਿੰਦਰ ਸਿੰਘ ਮਾਨ
ਮਾਨਸਾ, 20 ਸਤੰਬਰ
ਜ਼ਿਲ੍ਹੇ ਦੇ ਪੰਜ ਪਿੰਡਾਂ ਸਰਦੂਲੇਵਾਲਾ, ਟਿੱਬੀ ਹਰੀ ਸਿੰਘ, ਫੂਸਮੰਡੀ ਢਾਣੀ, ਫੱਤਾ ਮਾਲੋਕਾ ਅਤੇ ਜਟਾਣਾ ਵਿੱਚ ਅੱਜ ਸ਼ਾਮ ਨੂੰ ਮੀਂਹ ਪਿਆ। ਅੱਧਾ ਘੰਟੇ ਪਏ ਮੀਂਹ ਨੇ ਖੇਤਾਂ ਵਿੱਚ ਬੀ.ਟੀ ਨਰਮੇ ਤੇ ਤਾਜ਼ੀਆਂ ਬੀਜੀਆਂ ਸਬਜ਼ੀਆਂ ਨੂੰ ਮਧੋਲ ਧਰਿਆ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਮੀਂਹ ਕਾਰਨ ਨਰਮੇ ਦੇ ਬੂਟੇ ਟੇਢੇ ਹੋ ਗਏ ਹਨ। ਨੀਵੇਂ ਇਲਾਕਿਆਂ ਵਿੱਚ ਮੀਂਹ ਦਾ ਪਾਣੀ ਜ਼ਿਆਦਾ ਖੜ੍ਹ ਗਿਆ ਹੈ। ਪੱਕੀ ਹੋਈ ਫ਼ਸਲ ਦੇ ਨੁਕਸਾਨੇ ਜਾਣ ਕਾਰਨ ਕਿਸਾਨ ਚਿੰਤਾ ਵਿੱਚ ਡੁੱਬ ਗਏ ਹਨ। ਬੇਸ਼ੱਕ ਮੌਸਮ ਵਿਭਾਗ ਵੱਲੋਂ ਪੰਜਾਬ ’ਚੋਂ ਅਗਲੇ ਦੋ ਦਿਨਾਂ ਦੌਰਾਨ ਮੌਨਸੂਨ ਦੀ ਵਿਦਾਇਗੀ ਹੋਣ ਦਾ ਦਾਅਵਾ ਕੀਤਾ ਗਿਆ ਹੈ ਪਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਵੱਲੋਂ ਅਗਲੇ 24 ਤੋਂ 36 ਘੰਟਿਆਂ ਵਿੱਚ ਹਲਕੀ ਬਾਰਸ਼ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਪਿੰਡ ਸਰਦੂਲੇਵਾਲਾ ਦੇ ਕਿਸਾਨ ਕਾਲਾ ਸਿੰਘ ਦਾ ਕਹਿਣਾ ਹੈ ਕਿ ਕਈ ਵਾਰ ਅੱਸੂ ਦੇ ਮਹੀਨੇ ਵਿੱਚ ਮੀਂਹ ਨੁਕਸਾਨ ਕਰ ਜਾਂਦਾ ਹੈ। ਨਰਮੇ ਦੇ ਫੁੱਲ ਅਤੇ ਝੋਨੇ ਦੇ ਬੂਰ ਨੂੰ ਝਾੜ ਦਿੰਦਾ ਹੈ। ਉਸ ਨੇ ਇਹ ਵੀ ਦੱਸਿਆ ਕਿ ਕਈ ਖੇਤਾਂ ਵਿੱਚ ਤਾਜ਼ਾ ਬੀਜੀਆਂ ਸਬਜ਼ੀਆਂ ਦਾ ਮੀਂਹ ਨੇ ਨੁਕਸਾਨ ਕਰ ਦਿੱਤਾ ਹੈ।
ਖੇਤੀਬਾੜੀ ਮਹਿਕਮੇ ਦੇ ਖੇਤੀ ਅਫ਼ਸਰ ਡਾ. ਮਨੋਜ ਕੁਮਾਰ ਨੇ ਕਿਹਾ ਕਿ 5 ਕੁ ਪਿੰਡਾਂ ਵਿੱਚ ਮੀਂਹ ਪਿਆ ਹੈ। ਉਨ੍ਹਾਂ ਕਿਹਾ ਕਿ ਇਸ ਮੀਂਹ ਦਾ ਫ਼ਸਲਾਂ ਨੂੰ ਕੋਈ ਨੁਕਸਾਨ ਨਹੀਂ ਹੈ ਅਤੇ ਇਹ ਸਿੱਧਾ ਹੀ ਪਿਆ ਹੈ, ਜਿਸ ਦਾ ਨਰਮੇ ਸਮੇਤ ਝੋਨੇ ਨੂੰ ਲਾਭ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿੱਚ ਝੋਨਾ ਲੇਟ ਲਾਇਆ ਜਾਂਦਾ ਹੈ।