ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 16 ਜਨਵਰੀ
ਮੇਲਾ ਮਾਘੀ ਮੌਕੇ ਪਿਛਲੇ 20 ਸਾਲਾਂ ਤੋਂ ਚੱਲਦਾ ਆ ਰਿਹਾ ਤਿੰਨ ਰੋਜ਼ਾ ਤਰਕਸ਼ੀਲ ਨਾਟਕ ਤੇ ਪੁਸਤਕ ਮੇਲਾ ਇਸ ਵਰ੍ਹੇ ਵੀ ਲੋਕਾਂ ਨੂੰ ਕੀਲਣ ’ਚ ਸਫ਼ਲ ਰਿਹਾ ਹੈ। ਲੋਕ ਕਲਾ ਮੰਚ ਮਾਨਸਾ ਤੇ ਚੰਡੀਗੜ੍ਹ ਸਕੂਲ ਆਫ਼ ਡਰਾਮਾ ਦੀਆਂ ਨਾਟਕ ਟੀਮਾਂ ਨੇ ‘ਬੇਗਾਨੇ ਬੋਹੜ ਦੀ ਛਾਂ’, ‘ਇਹ ਲਹੂ ਕਿਸ ਦਾ ਹੈ’ ਅਤੇ ‘ਕਿਰਤੀ’ ਨਾਟਕਾਂ ਦਾ ਸਫ਼ਲ ਮੰਚਨ ਕੀਤਾ। ਨਾਟਰਾਂ ਰਾਹੀਂ ਸਮਾਜਿਕ ਨਾ ਬਰਾਬਰੀ, ਬੇਰੁਜ਼ਗਾਰੀ, ਵਹਿਮਾਂ-ਭਰਮਾਂ ਅਤੇ ਲੋਕ ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਕੀਤਾ ਗਿਆ। ਸੁਸਾਇਟੀ ਦੇ ਸੂਬਾਈ ਆਗੂ ਰਾਜਿੰਦਰ ਭਦੌੜ ਅਤੇ ਮੇਲਾ ਪ੍ਰਬੰਧਕ ਰਾਮ ਸਵਰਨ ਲੱਖੇਵਾਲੀ ਨੇ ਆਖਿਆ ਕਿ ਕਿਸਾਨ ਮੋਰਚੇ ਦੀ ਜਿੱਤ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸੰਘਰਸ਼ ਰਾਹੀਂ ਵੱਡੀਆਂ ਤਾਕਤਾਂ ਨੂੰ ਵੀ ਮੋੜਿਆ ਜਾ ਸਕਦਾ ਹੈ। ਲੋਕ ਸੰਗੀਤ ਮੰਡਲੀ ਜੀਦਾ ਦੇ ਕਲਾਕਾਰਾਂ ਨੇ ਜਗਸੀਰ ਜੀਦਾ ਤੇ ਗੁਰਦਾਸ ਗੁਰੂਸਰ ਦੀ ਅਗਵਾਈ ਵਿਚ ਲੋਕ ਬੋਲੀਆਂ ਅਤੇ ‘ਹੱਕ ਮੰਗੀਏ ਬਰਾਬਰ ਦੇ’ ਜਿਹੇ ਗੀਤਾਂ ਨਾਲ ਲੋਕ ਪੱਖੀ ਕਲਾ ਦਾ ਪ੍ਰਗਟਾਵਾ ਕੀਤਾ। ਜਾਦੂ ਕਲਾ ਗੈਬੀ ਸ਼ਕਤੀਆਂ ਦਾ ਭਰਮ ਮਿਟਾਉਣ ਲਈ ਸੁਖਦੇਵ ਮਲੁਕਪੁਰੀ ਨੇ ਜਾਦੂ ਦੀਆਂ ਕਈ ਖੇਡਾਂ ਵਿਖਾ ਕੇ ਮੇਲੀਆਂ ਦਾ ਮਨੋਰੰਜਨ ਕੀਤਾ। ਪੁਸਤਕ ਸਟਾਲ ਤੋਂ ਪੁਸਤਕਾਂ ਖਰੀਦਣ ਵਿਚ ਮੇਲੀਆਂ ਨੇ ਭਰਵੀਂ ਰੁਚੀ ਵਿਖਾਈ। ਕਲਾ ਨਾਲ ਲੋਕਾਂ ਦੇ ਹੱਥਾਂ ’ਚ ਪੁਸਤਕਾਂ ਦੇਣ ਦਾ ਅਮਲ ਤਿੰਨੇ ਦਿਨ ਚੱਲਦਾ ਰਿਹਾ।
ਸੁਸਾਇਟੀ ਦੇ ਆਗੂਆਂ ਕੁਲਜੀਤ ਡੰਗਰਖੇੜਾ, ਪਰਵੀਨ ਜੰਡ ਵਾਲਾ ਤੇ ਬੂਟਾ ਸਿੰਘ ਵਾਕਫ਼ ਨੇ ਦੱਸਿਆ ਕਿ ਗੁਰਸ਼ਰਨ ਸਿੰਘ ਵਰਗੇ ਲੋਕ ਨਾਟਕਕਾਰਾਂ ਤੋਂ ਪ੍ਰੇਰਨਾ ਲੈ ਕੇ 20 ਸਾਲਾਂ ਤੋਂ ਚੇਤਨਾ ਦਾ ਛੱਟਾ ਦੇਣ ਦਾ ਯਤਨ ਜਾਰੀ ਹੈ ਜਿਸ ਨੂੰ ਮੇਲੀਆਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ। ਮੇਲੇ ਦੇ ਮੰਚ ਤੋਂ ਰੰਗਕਰਮੀ ਇੱਕਤਰ ਸਿੰਘ ਤੇ ਸੁਭਾਸ਼ ਬਿੱਟੂ ਮਾਨਸਾ ਦਾ ਸਨਮਾਨ ਕੀਤਾ ਗਿਆ। ਮੇਲੇ ਦੀ ਸਫ਼ਲਤਾ ਲਈ ਬਲਦੇਵ ਲੱਧੂਵਾਲਾ ਪਰਮਿੰਦਰ ਖੋਖਰ, ਗੁਰਮੀਤ ਭਲਵਾਨ, ਭਗਤ ਸਿੰਘ ਚਿਮਨੇਵਾਲਾ, ਸੁਰਿੰਦਰ ਗੰਜੂਆਣਾ, ਭੁਪਿੰਦਰ ਵੜਿੰਗ, ਸ਼ਿਵਰਾਜ ਖੁੰਡੇ ਹਲਾਲ ਨੇ ਯੋਗਦਾਨ ਪਾਇਆ।