ਪੱਤਰ ਪ੍ਰੇਰਕ
ਜੈਤੋ, 2 ਨਵੰਬਰ
ਇੱਥੋਂ ਦੀ ਦਾਣਾ ਮੰਡੀ ਤੋਂ ਬੇਸਹਾਰਾ ਗਊਸ਼ਾਲਾ ਤੱਕ ਕਰੀਬ ਦੋ ਮਹੀਨੇ ਪਹਿਲਾਂ ਬਣੀ ਸੜਕ ਦੀ ਪ੍ਰੀਮਿਕਸ ਖਿੰਡਣੀ ਸ਼ੁਰੂ ਹੋ ਗਈ ਹੈ ਅਤੇ ਸੜਕ ਕਿਨਾਰੇ ਲਾਈਆਂ ਇੰਟਰਲਾਕ ਟਾਈਲਾਂ ਜ਼ਮੀਨ ’ਚ ਧਸਣ ਲੱਗੀਆਂ ਹਨ। ਇਸ ਸੜਕ ’ਤੇ ਯੂਨੀਵਰਸਿਟੀ ਕਾਲਜ ਸਥਿਤ ਹੈ ਅਤੇ ਹਜ਼ਾਰਾਂ ਵਿਦਿਆਰਥੀਆਂ ਦਾ ਇਸੇ ਰਸਤਿਓਂ ਕਾਲਜ ਵਿੱਚ ਆਉਣ-ਜਾਣ ਹੈ। ਅਨਾਜ ਮੰਡੀ ’ਚ ਫ਼ਸਲ ਵੇਚਣ ਵਾਲੇ ਕਿਸਾਨਾਂ ਅਤੇ ਅਦਾਲਤ ਵਿੱਚ ਜਾਣ ਵਾਲਿਆਂ ਲਈ ਵੀ ਇਹੋ ਰਸਤਾ ਵਰਤੋਂ ਵਿੱਚ ਆਉਂਦਾ ਹੈ। ਥੋਕ ਸਬਜ਼ੀ ਮੰਡੀ ਅਤੇ ਸ਼ਹਿਰ ਦਾ ਸੁਮੇਲ ਵੀ ਇਸੇ ਸੜਕ ਰਾਹੀਂ ਹੁੰਦਾ ਹੈ। ਕੰਡਮ ਹੋਈ ਸੜਕ ਦੀ ਪੁਨਰ ਉਸਾਰੀ ’ਤੇ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਸੀ, ਪਰ ਸੜਕ ਉੱਧੜਣ ਨਾਲ ਇਹ ਖ਼ੁਸ਼ੀ ਕੁਝ ਦਿਨਾਂ ਬਾਅਦ ਹੀ ਉੱਡ-ਪੁੱਡ ਗਈ। ਲੋਕਾਂ ਨੇ ਪ੍ਰੀਮਿਕਸ ਨਾਲ ਬਣੀ ਇਸ ਸੜਕ ’ਤੇ ਘਟੀਆ ਸਮੱਗਰੀ ਦੀ ਵਰਤੋਂ ਦਾ ਦੋਸ਼ ਲਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਚਿਰੋਕਣੀ ਉਡੀਕ ਮਗਰੋਂ ਬਣੀ ਸੜਕ ਦੀ ਇਸ ਬਦਤਰ ਹਾਲਤ ਪਿਛਲੇ ਕਾਰਨਾਂ ਦਾ ਪਰਦਾਫ਼ਾਸ਼ ਹੋਣਾ ਚਾਹੀਦਾ ਹੈ। ਉਨ੍ਹਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਸੜਕ ਦੀ ਬਣਤਰ ਲਈ ਵਰਤੀ ਸਮੱਗਰੀ ਦੀ ਗੁਣਵੱਤਾ ਦੀ ਕਿਸੇ ਜਾਂਚ ਏਜੰਸੀ ਤੋਂ ਪੜਤਾਲ ਕਰਵਾਈ ਜਾਵੇ।