ਜੋਗਿੰਦਰ ਸਿੰਘ ਮਾਨ
ਮਾਨਸਾ, 9 ਜਨਵਰੀ
ਸ਼ਹਿਰ ਦੇ ਵਾਰਡ ਨੰਬਰ-17 ਵਿੱਚ ਕੱਲ੍ਹ ਪਏ ਭਾਰੀ ਮੀਂਹ ਕਾਰਨ ਇੱਕ ਗ਼ਰੀਬ ਪਰਿਵਾਰ ਦੇ ਘਰ ਦੇ ਇੱਕ ਕਮਰੇ ਅਤੇ ਵਰਾਂਡੇ ਦੀ ਛੱਤ ਡਿੱਗਣ ਕਾਰਨ ਜਾਨੀ ਨੁਕਸਾਨ ਹੋਣੋਂ ਬੇਸ਼ੱਕ ਬਚਾਓ ਹੋ ਗਿਆ, ਪਰ ਘਰ ਵਿੱਚ ਪਿਆ ਸਾਰਾ ਸਾਮਾਨ ਮਲਬੇ ਹੇਠ ਆਉਣ ਕਾਰਨ ਪਰਿਵਾਰ ਦਾ ਕਾਫ਼ੀ ਨੁਕਸਾਨ ਹੋ ਗਿਆ। ਵਾਰਡ ਦੇ ਸਾਬਕਾ ਕੌਂਸਲਰ ਰਾਜੂ ਦਰਾਕਾ ਨੇ ਦੱਸਿਆ ਕਿ ਕੱਲ੍ਹ ਤੇਜ਼ ਬਾਰਿਸ਼ ਦੌਰਾਨ ਮੋਹਨ ਸਿੰਘ ਪੁੱਤਰ ਈਸ਼ਰ ਸਿੰਘ ਦੇ ਘਰ ਦੇ ਇੱਕੋ-ਇੱਕ ਕਮਰੇ ਅਤੇ ਵਰਾਂਡੇ ਦੀ ਛੱਤ ਡਿੱਗ ਗਈ। ਉਨ੍ਹਾਂ ਦੱਸਿਆ ਕਿ ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਸ ਸਮੇਂ ਪੂਰਾ ਪਰਿਵਾਰ ਵਿਹੜੇ ਵਿੱਚ ਕੰਮ-ਧੰਦੇ ’ਚ ਲੱਗਿਆ ਹੋਇਆ ਸੀ ਅਤੇ ਕਮਰੇ ਅਤੇ ਵਰਾਂਡੇ ’ਚ ਕੋਈ ਮੈਂਬਰ ਨਹੀਂ ਸੀ, ਜਿਸ ਕਾਰਨ ਬਚਾਅ ਹੋ ਗਿਆ ਨਹੀਂ ਤਾਂ ਵੱਡਾ ਜਾਨੀ ਨੁਕਸਾਨ ਹੋ ਜਾਣਾ ਸੀ। ਉਨ੍ਹਾਂ ਦੱਸਿਆ ਕਿ ਕਮਰੇ ਅਤੇ ਵਰਾਂਡੇ ’ਚ ਪਿਆ ਸਾਰਾ ਸਾਮਾਨ ਛੱਤ ਦੇ ਮਲਬੇ ਹੇਠ ਆਉਣ ਕਾਰਨ ਪਰਿਵਾਰ ਦਾ ਲੱਖਾਂ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਰਿਵਾਰ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਆਪਣਾ ਮਕਾਨ ਬਣਾ ਕੇ ਰੈਣ ਬਸੇਰਾ ਕਰ ਸਕਣ।
ਛੱਤ ਡਿੱਗੀ, ਤਿੰਨ ਪਸ਼ੂ ਮਰੇ
ਰੂੜੇਕੇ ਕਲਾਂ (ਅੰਮ੍ਰਿਤਪਾਲ ਸਿੰਘ ਧਾਲੀਵਾਲ): ਭਾਰੀ ਮੀਂਹ ਨਾਲ ਪਿੰਡ ਧੌਲਾ ਵਿੱਚ ਇੱਕ ਕਿਸਾਨ ਦੇ ਪਸ਼ੂਆਂ ਵਾਲੇ ਵਰਾਂਡੇ ਦੀ ਛੱਤ ਡਿੱਗਣ ਕਾਰਨ ਤਿੰਨ ਪਸ਼ੂ ਮੌਕੇ ’ਤੇ ਹੀ ਮਰ ਗਏ ਜਦਕਿ ਬਾਕੀ ਪਸ਼ੂਆਂ ਨੂੰ ਆਸ-ਪਾਸ ਦੇ ਲੋਕਾਂ ਨੇ ਮਲਬੇ ਵਿੱਚੋਂ ਬੜੀ ਮੁਸ਼ੱਕਤ ਨਾਲ ਬਾਹਰ ਕੱਢਿਆ। ਜਾਣਕਾਰੀ ਅਨੁਸਾਰ ਗਮਦੂਰ ਸਿੰਘ ਪੁੱਤਰ ਜੁਆਲਾ ਸਿੰਘ ਚਾਰ ਏਕੜ ਜ਼ਮੀਨ ਦਾ ਮਾਲਕ ਹੈ ਜੋ ਪਸ਼ੂਆਂ ਦਾ ਦੁੱਧ ਡੇਅਰੀ ਵਿੱਚ ਪਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ। ਭਾਰੀ ਮੀਂਹ ਕਾਰਨ ਪਸ਼ੂਆਂ ਦੇ ਵਰਾਂਡੇ ਦੀ ਛੱਤ ਡਿੱਗਣ ਨਾਲ ਸੂਣ ਵਾਲੀਆਂ ਦੋ ਮੱਝਾਂ ਤੇ ਇੱਕ ਛੋਟੀ ਕੱਟੀ ਮਰ ਗਈ ਜਿਸ ਨਾਲ ਉਸਦਾ ਭਾਰੀ ਆਰਥਿਕ ਨੁਕਸਾਨ ਹੋ ਗਿਆ ਹੈ। ਕਿਸਾਨ ਦੇ ਪੁੱਤਰ ਮਨਦੀਪ ਸਿੰਘ ਨੇ ਦੱਸਿਆ ਵਰਾਂਡੇ ਵਿੱਚ 12 ਪਸ਼ੂ ਬੰਨ੍ਹੇ ਹੋਏ ਸਨ ਤੇ ਪਿਛਲੇ ਤਿੰਨ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਵਰਾਂਡੇ ਦੀ ਛੱਤ ਡਿੱਗ ਗਈ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਪ੍ਰਧਾਨ ਭੂਪਿੰਦਰ ਸਿੰਘ ਬਿੱਟੂ ਨੇ ਕਿਸਾਨ ਪਰਿਵਾਰ ਲਈ ਬਣਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।