ਪੱਤਰ ਪ੍ਰੇਰਕ
ਤਪਾ ਮੰਡੀ, 8 ਜੁਲਾਈ
ਸਥਾਨਕ ਘੜੈਲੀ ਰੋਡ ’ਤੇ ਤਹਿਸੀਲ ਕੰਪਲੈਕਸ ਦੇ ਨੇੜੇ ਇੱਕ ਗ਼ਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਗਈ। ਮਕਾਨ ਮਾਲਕ ਮਨਜੀਤ ਸਿੰਘ ਫ਼ੌਜੀ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਣੇ ਦੂਜੇ ਕਮਰੇ ਵਿਚ ਸੁੱਤਾ ਪਿਆ ਸੀ ਕਿ ਸਵੇਰੇ 5 ਵਜੇ ਅਚਾਨਕ ਕਾਫ਼ ਤੇਜ਼ ਆਵਾਜ਼ ਸੁਣਾਈ ਦਿੱਤੀ। ਇਸ ਮਗਰੋਂ ਜਦੋਂ ਉਨ੍ਹਾਂ ਨੇ ਦੇਖਿਆ ਤਾਂ ਦੂਜੇ ਕਮਰੇ ਦੀ ਛੱਤ ਡਿੱਗ ਗਈ ਸੀ। ਇਸ ਦੌਰਾਨ ਉਨ੍ਹਾਂ ਨੇ ਕਮਰੇ ਵਿੱਚ ਆਪਣਾ ਸਾਮਾਨ ਬਾਹਰ ਕੱਢਿਆ।
ਉਸ ਨੇ ਦੱਸਿਆ ਕਿ ਤਕਰੀਬਨ 20 ਹਜ਼ਾਰ ਰੁਪਏ ਦਾ ਸਾਮਾਨ ਟੁੱਟ ਭੱਜ ਗਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਉਸ ਨੇ ਪੰਜਾਬ ਸਰਕਾਰ ਤੋਂ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਹੈ।
ਬਿਜਲੀ ਕਾਮੇ ’ਤੇ ਟਰਾਂਸਫਾਰਮਰ ਡਿੱਗਿਆ
ਮਲੋਟ (ਨਿੱਜੀ ਪੱਤਰ ਪ੍ਰੇਰਕ): ਇੱਥੇ ਸਰਾਭਾ ਨਗਰ ਦੇ ਚੌਕ ਵਿੱਚ ਬਿਜਲੀ ਕਾਮਿਆਂ ਵੱਲੋਂ ਟਰਾਂਸਫਰ ਰੱਖਣ ਮੌਕੇ ਚੈਨ ਕੁੱਪੀ ਟੁੱਟ ਜਾਣ ਕਰ ਕੇ ਟਰਾਂਸਫਾਰਮਰ ਇੱਕ ਕਾਮੇ ਉੱਪਰ ਜਾ ਡਿੱਗਿਆ। ਪੀੜਤ ਦੀ ਪਛਾਣ ਸੰਜੇ ਕੁਮਾਰ (30) ਪੁੱਤਰ ਬਦਲੀ ਨਾਥ ਵਜੋਂ ਹੋਈ ਹੈ। ਉਸ ਉੱਤੇ ਟਰਾਂਸਫਾਰਮਰ ਡਿੱਗਣ ਕਾਰਨ ਉਸ ਦੇ ਸਿਰ ਅਤੇ ਪੱਟਾਂ ’ਤੇ ਗੰਭੀਰ ਸੱਟਾਂ ਲੱਗੀਆਂ। ਮੌਕੇ ’ਤੇ ਹਾਜ਼ਰ ਲੋਕਾਂ ਨੇ ਮੌਕੇ ’ਤੇ ਚੁੱਕ ਕੇ ਉਸ ਨੂੰ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ, ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਬਠਿੰਡਾ ਰੈਫਰ ਕਰ ਦਿੱਤਾ ਗਿਆ। ਪ੍ਰਤੱਖਦਰਸ਼ੀ ਨੇ ਦੱਸਿਆ ਕਿ ਜਦੋਂ ਟਰਾਂਸਫਾਰਮਰ ਡਿੱਗਿਆ ਤਾਂ ਉਹ ਪਹਿਲਾਂ ਬਿਜਲੀ ਬੋਰਡ ਦੇ ਵਾਹਨ ਨਾਲ ਟਕਰਾਇਆ ਤੇ ਫਿਰ ਮੁਲਾਜ਼ਮ ਦੇ ਉੱਤੇ ਡਿੱਗ ਪਿਆ, ਜਿਸ ਕਰ ਕੇ ਕੁੱਝ ਬਚਾਅ ਹੋ ਗਿਆ।