ਕੁਲਦੀਪ ਭੁੱਲਰ
ਮੌੜ ਮੰਡੀ, 21 ਜੁਲਾਈ
ਭਾਰੀ ਮੀਂਹ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਕਿਸਾਨਾਂ ਦੀਆਂ ਫਸਲਾਂ, ਸਬਜ਼ੀਆਂ ਪਾਣੀ ਵਿਚ ਡੁੱਬ ਗਈਆਂ ਹਨ ਅਤੇ ਇਲਾਕੇ ਅੰਦਰ ਕਈ ਗਰੀਬ ਘਰਾਂ ਦੀਆਂ ਛੱਤਾਂ ਵੀ ਡਿੱਗੀਆਂ ਹਨ। ਪਿੰਡ ਮੌੜ ਕਲਾਂ ਦੀ ਵਿਧਵਾ ਪੂਜਾ ਰਾਣੀ ਪਤਨੀ ਸਵਰਗੀ ਸੋਮਾ ਸਿੰਘ ਦੇ ਘਰ ਦੀ ਛੱਡ ਇਸ ਭਾਰੀ ਮੀਂਹ ਕਾਰਨ ਡਿੱਗ ਪਈ ਹੈ। ਜਰਨੈਲ ਸਿੰਘ ਪੁੱਤਰ ਹਰੀ ਸਿੰਘ ਦੇ ਮਕਾਨ ਦੀ ਛੱਤ ਵੀ ਰਾਤੀ ਡਿੱਗ ਗਈ। ਭਾਵੇਂ ਕਿ ਕਿਸੇ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪ੍ਰੰਤੂ ਮਕਾਨਾਂ ਅੰਦਰ ਪਿਆ ਘਰਾਂ ਦਾ ਸਾਮਾਨ ਟੁੱਟ ਗਿਆ ਹੈ। ਹਰੀ ਸਿੰਘ ਦੇ ਮਕਾਨ ਦੀ ਛੱਤ ਡਿੱਗਣ ਕਾਰਨ ਉਸ ਦੀ ਪਤਨੀ ਦਾ ਚੂਲਾ ਟੁੱਟ ਗਿਆ ਹੈ। ਸਿਰਸਾ (ਪੱਤਰ ਪੇ੍ਰਕ): ਇਥੋਂ ਦੇ ਪਿੰਡ ਬੇਗੂ ਨੇੜੇ ਢਾਣੀ ਪੀਰਾਂਵਾਲਾ ’ਚ ਲਾਭ ਸਿੰਘ ਦਾ ਕੱਚਾ ਮਕਾਨ ਮੀਂਹ ਨਾਲ ਢਹਿ ਗਿਆ ਹੈ। ਜਾਨੀ ਨੁਕਸਾਨ ਤੋਂ ਬਚਾਅ ਹੋਇਆ ਹੈ ਜਦੋਂਕਿ ਘਰੇਲੂ ਸਾਮਾਨ ਨੁਕਸਾਨਿਆ ਗਿਆ ਹੈ। ਪਰਿਵਾਰ ਨੇ ਮੁਆਵਜ਼ੇ ਦੀ ਮੰਗ ਕੀਤੀ ਹੈ। ਦੱਸਿਆ ਗਿਆ ਹੈ ਕਿ ਲਾਭ ਸਿੰਘ ਮਜ਼ਦੂਰੀ ਕਰਕੇ ਆਪਣੇ ਸੱਤਾਂ ਜੀਆਂ ਦੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਹੈ। ਮਕਾਨ ਡਿੱਗਣ ਨਾਲ ਘਰ ਦਾ ਜਿਥੇ ਸਾਰਾ ਸਾਮਾਨ ਨੁਕਸਾਨਿਆ ਗਿਆ ਹੈ ਉਥੇ ਹੀ ਦੋ ਛੋਟੇ ਬੱਚਿਆਂ ਨੂੰ ਸੱਟਾਂ ਵੀ ਲੱਗੀਆਂ ਹਨ ਜਦੋਂਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਫਾਰਮ ਹਾਊਸ ਦੀ ਛੱਤ ਡਿੱਗਣ ਕਾਰਨ 69 ਬੱਕਰੀਆਂ ਮਰੀਆਂ
ਭੁੱਚੋ ਮੰਡੀ (ਪਵਨ ਗੋਇਲ): ਲੰਘੀ ਰਾਤ ਭਾਰੀ ਮੀਂਹ ਪੈਣ ਕਾਰਨ ਪਿੰਡ ਤੁੰਗਵਾਲੀ ਵਿੱਚ ਆਪਣਾ ਰੁਜ਼ਗਾਰ ਚਲਾ ਰਹੇ ਨੌਜਵਾਨ ਬਲਵਿੰਦਰ ਸਿੰਘ ਮਾਨ ਦੇ ਬਕਰੀ ਫਾਰਮ ਦੀ ਛੱਤ ਡਿੱਗਣ ਕਾਰਨ 69 ਬੱਕਰੀਆਂ ਮੌਤ ਦੇ ਮੂੰਹ ’ਚ ਚਲੀਆਂ ਗਈਆਂ ਅਤੇ ਫਾਰਮ ਦਾ ਮਾਲਕ ਅਤੇ ਨੌਕਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਪਿੰਡ ਵਾਸੀਆਂ ਨੇ ਆਦੇਸ਼ ਹਸਪਤਾਲ ਵਿੱਚ ਭਰਤੀ ਕਰਵਾਇਆ। ਪੀੜਤ ਬਲਵਿੰਦਰ ਸਿੰਘ ਮਾਨ ਨੇ ਦੱਸਿਆ ਕਿ ਰਾਤ ਸਮੇਂ ਉਹ ਅਤੇ ਉਸਦਾ ਨੌਕਰ ਕਾਕਾ ਬੱਕਰੀਆਂ ਨੂੰ ਮੀਂਹ ਤੋਂ ਬਚਾਉਣ ਲਈ ਉਨ੍ਹਾਂ ਦੀ ਸੰਭਾਲ ਕਰ ਰਹੇ ਸਨ। ਇਸ ਦੌਰਾਨ ਫਾਰਮ ਦੀ ਛੱਤ ਉਨ੍ਹਾਂ ਉੱਤੇ ਡਿੱਗ ਪਈ। ਇਸ ਨਾਲ ਉਹ, ਉਸ ਦਾ ਨੌਕਰ ਅਤੇ ਬੱਕਰੀਆਂ ਛੱਤ ਹੇਠਾਂ ਦੱਬ ਗਏ। ਉਨ੍ਹਾਂ ਕਿਹਾ ਕਿ ਬੜੀ ਮੁਸ਼ਕਿਲ ਨਾਲ ਉਹ ਮਲਬੇ ਹੇਠੋਂ ਨਿਕਲਿਆ ਅਤੇ ਆਪਣੇ ਨੌਕਰ ਦਾ ਮੁੂੰਹ ਨੰਗਾ ਕੀਤਾ, ਤਾਂ ਜੋ ਉਸ ਨੂੰ ਸਾਹ ਆਉਂਦਾ ਰਹੇ। ਹੋਰ ਕਿਸਾਨਾਂ ਦੀ ਮੱਦਦ ਨਾਲ ਨੌਕਰ ਨੂੰ ਮਲਬੇ ਹੇਠੋਂ ਕੱਢਿਆ ਅਤੇ ਦੋਨਾਂ ਨੂੰ ਹਸਪਤਾਲ ਪਹੁੰਚਾਇਆ। ਲੋਕਾਂ ਨੇ ਮਲਬੇ ਹੇਠੋਂ 49 ਬਕਰੀਆਂ ਨੂੰ ਜ਼ਖ਼ਮੀ ਹਾਲਤ ਵਿੱਚ ਜਿਉਂਦਾ ਬਾਹਰ ਕੱਢ ਲਿਆ, ਜਦੋਂ ਕਿ ਮਲਬੇ ਹੇਠ ਦੱਬਣ ਕਾਰਨ 69 ਬੱਕਰੇ, ਬੱਕਰੀਆਂ ਅਤੇ ਬੱਚੇ ਮਾਰੇ ਗਏ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਮਹਿੰਗੀ ਨਸਲ ਦੀਆਂ ਬਕਰੀਆਂ ਹੋਣ ਕਾਰਨ ਉਸ ਦਾ 25 ਲੱਖ ਰੁਪਏ ਦਾ ਨੁਕਸਾਨ ਹੋ ਗਿਆ।
ਕਾਲਾਂਵਾਲੀ ’ਚ ਅੱਧਾ ਦਰਜਨ ਤੋਂ ਵਧ ਮਕਾਨਾਂ ਦੀਆਂ ਛੱਤਾਂ ਡਿੱਗੀਆਂ
ਕਾਲਾਂਵਾਲੀ (ਭੁਪਿੰਦਰ ਪੰਨੀਵਾਲੀਆ): ਖੇਤਰ ਦੇ ਕਸਬਾ ਰੋੜੀ ‘ਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਨਾਲ ਵੱਖ-ਵੱਖ ਥਾਵਾਂ ਉੱਤੇ ਅੱਧਾ ਦਰਜਨ ਤੋਂ ਜ਼ਿਆਦਾ ਮਕਾਨਾਂ ਦੀਆਂ ਛੱਤਾਂ ਡਿੱਗ ਪਈਆਂ ਹਨ ਅਤੇ ਪੀੜਤ ਲੋਕਾਂ ਦਾ ਘਰੇਲੂ ਸਾਮਾਨ ਮਲਬੇ ਹੇਠ ਦੱਬਿਆ ਗਿਆ ਹੈ। ਪਰ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ। ਕਸਬਾ ਰੋੜੀ ਵਾਸੀ ਜਗਸੀਰ ਸਿੰਘ ਨੇ ਦੱਸਿਆ ਕਿ ਭਾਰੀ ਮੀਂਹ ਦੌਰਾਨ ਉਸ ਦੇ ਕਮਰੇ ਦੀ ਛੱਤ ਅਚਾਨਕ ਹੇਠਾਂ ਆ ਡਿੱਗੀ। ਇਸ ਤਰ੍ਹਾਂ ਚੌਂਕੀਦਾਰ ਜੀਤ ਸਿੰਘ ਦੇ ਮਕਾਨ ਦੇ ਅੱਗੇ ਬਣਾ ਵੱਡੇ ਹਾਲ ਦੀ ਛੱਤ ਡਿੱਗ ਗਈ ਜਿਸ ਨਾਲ ਉਸਦਾ ਕਾਫ਼ੀ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਬਨਾਰਸੀ ਦਾਸ, ਸੰਦੀਪ ਸਿੰਘ, ਜੈਲਾ ਸਿੰਘ ਅਤੇ ਅਮਨਦੀਪ ਕੌਰ ਆਦਿ ਸਮੇਤ ਅੱਧਾ ਦਰਜਨ ਤੋਂ ਜ਼ਿਆਦਾ ਲੋਕਾਂ ਦੀਆਂ ਛੱਤਾਂ ਡਿੱਗਣ ਕਰਕੇ ਮਲਬੇ ਵਿੱਚ ਸਾਮਾਨ ਦੱਬਣ ਨਾਲ ਨੁਕਸਾਨ ਹੋਇਆ। ਸਰਪੰਚ ਮੇਜਰ ਸਿੰਘ ਨੇ ਦੱਸਿਆ ਕਿ ਕਸਬਾ ਰੋੜੀ ਵਿੱਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਦੌਰਾਨ ਵੱਖ-ਵੱਖ ਮੁਹੱਲਿਆਂ ਵਿੱਚ ਕਈ ਪਰਿਵਾਰਾਂ ਦੇ ਮਕਾਨਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲੋਕਾਂ ਨੂੰ ਹੋਏ ਨੁਕਸਾਨ ਦਾ ਮੁਆਵਜਾ ਦਿੱਤਾ ਜਾਵੇ।
ਪਿੰਡ ਲੇਲੇਵਾਲ ’ਚ ਗਰੀਬ ਪਰਿਵਾਰ ਦੀ ਛੱਤ ਡਿੱਗੀ
ਤਲਵੰਡੀ ਸਾਬੋ (ਪੱਤਰ ਪੇ੍ਰਕ): ਬੀਤੀ ਰਾਤ ਤੋਂ ਪਏ ਮੀਂਹ ਕਾਰਨ ਪਿੰਡ ਲੇਲੇਵਾਲਾ ਦੇ ਇੱਕ ਗਰੀਬ ਦਲਿਤ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਪਈ ਜਿਸ ਕਾਰਨ ਕਮਰੇ ਵਿੱਚ ਪਿਆ ਸਾਰਾ ਸਮਾਨ ਨੁਕਸਾਨਿਆ ਗਿਆ, ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਲੇਲੇਵਾਲਾ ਦੇ ਦਲਿਤ ਪਰਿਵਾਰ ਨਾਲ ਸਬੰਧਤ ਸਾਬਕਾ ਪੰਚ ਸੇਵਕ ਸਿੰਘ (50) ਪੁੱਤਰ ਬਾਬੂ ਸਿੰਘ ਦੇ ਇੱਕ ਕਮਰੇ ਦੀ ਛੱਤ ਡਿੱਗ ਪਈ ਅਤੇ ਬਾਕੀ ਮਕਾਨ ਵਿੱਚ ਵੱਡੀਆਂ-ਵੱਡੀਆਂ ਤਰੇੜਾਂ ਪੈ ਗਈਆਂ। ਛੱਤ ਡਿੱਗਣ ਕਾਰਨ ਕਮਰੇ ਅੰਦਰ ਪਿਆ ਸਾਰਾ ਸਾਮਾਨ ਮਲਬੇ ਵਿੱਚ ਦੱਬੇ ਜਾਣ ਕਰਕੇ ਨੁਕਸਾਨਿਆ ਗਿਆ।