ਪੁਨੀਤ ਮੈਨਨ
ਧਨੌਲਾ, 8 ਜਨਵਰੀ
ਮੀਂਹ ਕਾਰਨ ਬੀਤੀ ਰਾਤ ਖੇਤ ਮਜ਼ਦੂਰ ਜਰਨੈਲ ਸਿੰਘ ਦੇ ਘਰ ਦੀ ਛੱਤ ਡਿੱਗਣ ਕਾਰਨ ਪਸ਼ੂ ਜ਼ਖਮੀ ਹੋ ਗਏ। ਇਸ ਸਬੰਧੀ ਜਰਨੈਲ ਸਿੰਘ ਨੇ ਦੱਸਿਆ ਕਿ ਬਰਸਾਤ ਕਾਰਨ ਉਨ੍ਹਾਂ ਦੇ ਘਰ ਦੀ ਛੱਤ ਅਤੇ ਕੰਧਾਂ ਢਹਿ ਗਈਆਂ। ਪੀੜਤ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਘਰ ਕੁੱਝ ਸਮਾਂ ਪਹਿਲਾਂ ਖਰੀਦਿਆ ਗਿਆ ਹੈ ਅਤੇ ਹਾਲੇ ਰਜਿਸਟਰੀ ਕਰਵਾਉਣੀ ਵੀ ਬਾਕੀ ਹੈ। ਕੌਂਸਲਰ ਕੇਵਲ ਸਿੰਘ, ਭਗਵਾਨ ਸਿੰਘ, ਅਵਤਾਰ ਸਿੰਘ, ਹਰਮਨ ਸਿੰਘ, ਨਿਰਮਲ ਸਿੰਘ, ਗੁਰਚਰਨ ਸਿੰਘ ਤੇ ਰੋਸ਼ਨ ਸਿੰਘ ਨੇ ਪੀੜਤ ਨੂੰ ਯੋਗ ਮੁਆਵਜ਼ਾ ਰਾਸ਼ੀ ਦੇਣ ਦੀ ਅਪੀਲ ਕੀਤੀ।
ਜਲਾਲਾਬਾਦ (ਚੰਦਰ ਪ੍ਰਕਾਸ਼ ਕਾਲੜਾ): ਪਿੰਡ ਮੌਜੇ ਵਾਲਾ ਅਤੇ ਚੱਕ ਮੌਜਦੀ ਵਾਲਾ ਉਰਫ ਸੂਰਘੁਰੀ ’ਚ ਦੋ ਪਰਿਵਾਰ ਛੱਤ ਹੇਠਾਂ ਡਿੱਗਣ ਕਾਰਨ ਜ਼ਖਮੀ ਹੋ ਗਏ ਅਤੇ ਪਿੰਡ ਕਾਹਨੇਵਾਲਾ ’ਚ ਵੀ ਪਸ਼ੂਆਂ ਦੇ ਵਾੜੇ ਲਈ ਬਣਾਇਆ ਗਿਆ ਸ਼ੈੱਡ ਹੇਠਾਂ ਡਿੱਗ ਗਿਆ। ਪਿੰਡ ਚੱਕ ਮੌਜਦੀਨ ਵਾਲਾ ਵਾਸੀ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਉਹ ਪਰਿਵਾਰ ਸਣੇ ਕਮਰੇ ’ਚ ਸੁੱਤਾ ਪਿਆ ਸੀ ਕਿ ਸਵੇਰੇ ਕਰੀਬ 6 ਵਜੇ ਛੱਤ ਤੋਂ ਮਿੱਟੀ ਡਿੱਗਣੀ ਸ਼ੁਰੂ ਹੋਈ ਅਤੇ ਦੇਖਦਿਆਂ ਹੀ ਦੇਖਦਿਆਂ ਛੱਤ ਹੇਠਾਂ ਆ ਗਈ ਅਤੇ ਇਸ ਘਟਨਾ ’ਚ ਉਸਦੀ ਪਤਨੀ ਦੀ ਬਾਂਹ ’ਤੇ ਸੱਟ ਲੱਗੀ। ਪਿੰਡ ਮੌਜੇਵਾਲਾ ’ਚ ਓਮ ਪ੍ਰਕਾਸ਼ ਦੇ ਘਰ ਦੀ ਛੱਤ ਹੇਠਾਂ ਡਿੱਗ ਗਈ ਅਤੇ ਕਮਰੇ ਅੰਦਰ ਸੁੱਤੇ ਪਏ ਉਸ ਦੇ ਲੜਕੇ ਗੁਰਵਿੰਦਰ ਸਿੰਘ ਨੂੰ ਸੱਟਾਂ ਲੱਗੀਆਂ। ਪਿੰਡ ਕਾਹਨੇਵਾਲਾ ਨਾਲ ਸਬੰਧਤ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਪਸ਼ੂਆਂ ਲਈ ਸ਼ੈੱਡ ਪਾਇਆ ਹੋਇਆ ਸੀ ਅਤੇ ਭਾਰੀ ਬਰਸਾਤ ਕਾਰਨ ਸ਼ੈੱਡ ਦੀ ਛੱਤ ਟੁੱਟ ਕੇ ਹੇਠਾਂ ਡਿੱਗ ਪਈ।