ਜਸਵੰਤ ਸਿੰਘ ਥਿੰਦ
ਮਮਦੋਟ, 16 ਜਨਵਰੀ
ਹਲਕਾ ਫ਼ਿਰੋਜ਼ਪੁਰ (ਦਿਹਾਤੀ) ਅਧੀਨ ਪੈਂਦੇ ਕਸਬਾ ਮਮਦੋਟ ਦੇ ਪਿੰਡ ਜਾਮਾਂ ਰਖੱਈਆਂ ਹਿਠਾੜ ਵਿੱਚ ਚੱਲ ਨਿਯਮਾਂ ਨੂੰ ਛਿੱਕੇ ਟੰਗ ਕੇ ਰੇਤੇ ਦੀ ਖੱਡ ਚਲਾਈ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਇਕ ਨਿੱਜੀ ਕੰਪਨੀ ਵੱਲੋਂ ਚਲਾਇਆ ਜਾ ਰਹੀ ਇਸ ਖੱਡ ਵਿੱਚ ਭਾਰੀ ਬੇਨਿਯਮੀਆਂ ਕੀਤੀਆਂ ਜਾ ਰਹੀਆਂ ਹਨ ਪਰ ਮਾਈਨਿੰਗ ਵਿਭਾਗ ਵੱਲੋਂ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ। ਉੱਧਰ, ਓਵਰਲੋਡ ਟਰਾਲੀਆਂ ਨਾਲ ਲਿੰਕ ਸੜਕਾਂ ਦੀ ਹਾਲਤ ਨੂੰ ਵੀ ਖ਼ਤਰਾ ਬਣ ਗਿਆ ਹੈ। ਇਸ ਸਬੰਧੀ ਮੌਕੇ ’ਤੇ ਜਾ ਕੇ ਦੇਖਿਆ ਤਾਂ ਪੋਕਲੇਨ ਮਸ਼ੀਨ ਨਾਲ 30 ਫੁੱਟ ਤੋਂ ਵੱਧ ਡੂੰਘਾਈ ਤੱਕ ਪੁਟਾਈ ਕਰ ਕੇ ਰੇਤੇ ਦੀ ਮਾਈਨਿੰਗ ਕੀਤੀ ਜਾ ਰਹੀ ਸੀ ਅਤੇ ਓਵਰਲੋਡ ਟਰਾਲੀਆਂ ਭਰੀਆਂ ਜਾ ਰਹੀਆਂ ਹਨ।
ਨਿਯਮਾਂ ਅਨੁਸਾਰ ਭਰੀ ਹੋਈ ਟਰਾਲੀ ਨੂੰ ਕੰਡੇ ’ਤੇ ਤੁਲਾਈ ਕਰਨ ਤੋਂ ਬਾਅਦ ਹੀ ਪਰਚੀ ਕੱਟੀ ਜਾਂਦੀ ਹੈ ਪਰ ਬਿਨਾ ਕਿਸੇ ਤੁਲਾਈ ਤੋਂ ਟਰਾਲੀਆਂ ਨੂੰ ਕੰਡੇ ਤੋਂ ਪਾਸੇ ਦੀ ਲੰਘਾ ਕੇ ਕੰਡੇ ਨੂੰ ਇਕ ਨਿਸ਼ਾਨੀ ਵਜੋਂ ਵਰਤਿਆ ਜਾ ਰਿਹਾ ਹੈ। ਇਹ ਕੰਮ ਪਿਛਲੇ ਕਈ ਦਿਨਾਂ ਤੋਂ ਧੜੱਲੇ ਨਾਲ ਚੱਲ ਰਿਹਾ ਹੈ ਪਰ ਮਾਈਨਿੰਗ ਵਿਭਾਗ ਦੇ ਕਿਸੇ ਅਧਿਕਾਰੀ ਵੱਲੋਂ ਇਸ ਨੂੰ ਚੈੱਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਜਿਸ ਕਾਰਨ ਸਰਕਾਰ ਨੂੰ ਹੁਣ ਤੱਕ ਲੱਖਾਂ ਰੁਪਏ ਦਾ ਚੂਨਾ ਲਗਾਇਆ ਜਾ ਚੁੱਕਾ ਹੈ।
ਉਕਤ ਖੱਡ ਨੂੰ ਚਲਾ ਰਹੀ ਇੱਕ ਨਿੱਜੀ ਕੰਪਨੀ ਦੇ ਕਰਮਚਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਰਕਾਰੀ ਨਿਯਮਾਂ ਮੁਤਾਬਕ ਰੇਤ 10 ਫੁੱਟ ਤੱਕ ਕੱਢੀ ਜਾ ਸਕਦੀ ਹੈ ਪਰ ਮੌਕੇ ’ਤੇ ਖੱਡ ਦੀ ਡੂੰਘਾਈ 25 ਤੋਂ 30 ਫੁੱਟ ਤੱਕ ਕੀਤੀ ਜਾ ਰਹੀ ਸੀ ਜਿਸ ਸਬੰਧੀ ਉਹ ਕੋਈ ਠੋਸ ਜਵਾਬ ਨਹੀਂ ਦੇ ਸਕੇ।
ਕੀ ਕਹਿੰਦੇ ਨੇ ਅਧਿਕਾਰੀ
ਮਾਈਨਿੰਗ ਵਿਭਾਗ ਦੇ ਐੱਸਡੀਓ ਬਲਵੀਰ ਸਿੰਘ ਨੇ ਕਿਹਾ ਕਿ ਖੱਡ ਦੀ ਡੂੰਘਾਈ 10 ਫੁੱਟ ਤੱਕ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਮੌਕੇ ’ਤੇ ਜਾ ਕੇ ਖੱਡ ਦੀ ਮਿਣਤੀ ਕੀਤੀ ਜਾਵੇਗੀ, ਜੇਕਰ ਮਿਣਤੀ ਦੌਰਾਨ ਖੱਡ ਦੀ ਡੂੰਘਾਈ ਨਿਯਮਾਂ ਅਨੁਸਾਰ ਜ਼ਿਆਦਾ ਪਾਈ ਗਈ ਤਾਂ ਕਾਨੂੰਨ ਮੁਤਾਬਕ ਕਾਰਵਾਈ ਅਮਲ ਵਿੱਚ ਲਿਆ ਕੇ ਜੁਰਮਾਨਾ ਵਸੂਲਿਆ ਜਾਵੇਗਾ।