ਮਹਿੰਦਰ ਸਿੰਘ ਰੱਤੀਆਂ
ਮੋਗਾ, 30 ਜੁਲਾਈ
ਪੰਜਾਬ ਸਰਕਾਰ ‘ਬੇਟੀ ਪੜ੍ਹਾਓ, ਬੇਟੀ ਬਚਾਓ’ ਦਾ ਨਾਅਰਾ ਤੇ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਮੁਹਿੰਮ ਚਲਾ ਰਹੀ ਹੈ ਪਰ ਹਾਲੇ ਵੀ ਸੂਬੇ ਦੇ ਕਈ ਸਕੂਲ ‘ਅਧਿਆਪਕਾਂ’ ਤੋਂ ਸੱਖਣੇ ਹਨ। ਮੋਗਾ ਜ਼ਿਲ੍ਹੇ ਦੇ ਬਲਾਕ ਬਾਘਾਪੁਰਾਣਾ ਅਧੀਨ ਸਰਕਾਰੀ ਪ੍ਰਾਇਮਰੀ ਸਕੂਲ, ਲੰਡੇ (ਲੜਕੀਆਂ) ਵਿਚ ਕੋਈ ਇੱਕ ਅਧਿਆਪਕ ਨਹੀਂ ਹੈ ਅਤੇ ਸਿੱਖਿਆ ਵਿਭਾਗ ਨੇ ਇਸ ਨੂੰ ਰੱਬ ਆਸਾਰੇ ਛੱਡ ਦਿੱਤਾ ਹੈ। ਡਿਪਟੀ ਜ਼ਿਲ੍ਹਾ ਸਿੱਖਿਆ (ਪ੍ਰਾਇਮਰੀ) ਨਿਸ਼ਾਨ ਸਿੰਘ ਸੰਧੂ ਨੇ ਕਿਹਾ ਚਾਲੂ ਵਿਦਿਅਕ ਸਾਲ ਲਈ ਨੇੜਲੇ ਪਿੰਡ ਦੇ ਸਕੂਲ ਦੀ ਇੱਕ ਅਧਿਆਪਕਾ ਨੂੰ ਡੈਪੂਟੇਸ਼ਨ ’ਤੇ ਤਾਇਨਾਤ ਕਰ ਦਿੱਤਾ ਹੈ। ਸਕੂਲ ਪਸਵਕ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਕਲਸੀ, ਅਮਨ ਕੌਰ, ਮਨਜੋਤ ਕੌਰ, ਕੁਲਵਿੰਦਰ ਸਿੰਘ, ਜਸਪ੍ਰੀਤ ਸਿੰਘ, ਮਲਕੀਤ ਸਿੰਘ, ਜਸਪ੍ਰੀਤ ਕੌਰ, ਬਲਵੀਰ ਕੌਰ, ਗੁਰਜੰਟ ਸਿੰਘ ਕਲਸੀ ਤੇ ਹੋਰਾਂ ਨੇ ਦੱਸਿਆ ਕਿ ਪਿੰਡ ਵਾਸੀ ਹਲਕਾ ਵਿਧਾਇਕ, ਸਿੱਖਿਆ ਵਿਭਾਗ ਅਧਿਕਾਰੀਆਂ ਤੱਕ ਪਹੁੰਚ ਕਰ ਚੁੱਕੇ ਹਨ ਪਰ ਪੱਲੇ ਨਿਰਾਸ਼ਾ ਹੀ ਪਈ ਹੈ ਅਤੇ ਮਸਲੇ ਦਾ ਕੋਈ ਸਥਾਈ ਹੱਲ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਕਰੀਬ ਸਾਲ ਪਹਿਲਾਂ ਇਸ ਸਕੂਲ ਵਿੱਚ 50 ਬੱਚੇ ਪੜ੍ਹਨ ਆਉਂਦੇ ਸਨ ਪਰ ਸਕੂਲ ’ਚ ਅਧਿਆਪਕ ਨਾ ਹੋਣ ਮੁੜ ਜਾਂਦੇ ਹਨ ਅਤੇ ਹੁਣ ਬੱਚਿਆਂ ਦੀ ਗਿਣਤੀ ਕਰੀਬ 20 ਰਹਿ ਗਈ ਹੈ। ਇਸ ਸਕੂਲ ਵਿੱਚ ਜ਼ਿਆਦਾ ਬੱਚੇ ਅਨੁਸੂਚਿਤ ਜਾਤੀ ਅਤੇ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਪਰਿਵਾਰਾਂ ਦੇ ਹਨ। ਸਕੂਲ ਵਿੱਚ ਪਿਛਲੇ ਲੰਮੇ ਸਮੇਂ ਤੋਂ ਅਧਿਆਪਕ ਵੀ ਨਹੀਂ ਤੇ ਬੱਚਿਆਂ ਨੂੰ ਪਾਠ ਪੁਸਤਕਾਂ ਵੀ ਨਹੀਂ ਮਿਲੀਆਂ।
ਇਥੇ ਤਾਇਨਾਤ ਅਧਿਆਪਕਾ ਨੇ ਆਪਣਾ ਡੈਪੂਟੇਸ਼ਨ ਮੁਕਤਸਰ ਵਿੱਚ ਕਰਵਾ ਲਿਆ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨ ਤੋਂ ਇਥੇ ਡੈਪੂਟੇਸ਼ਨ ’ਤੇ ਅਧਿਆਪਕਾ ਦੀ ਤਾਇਨਾਤ ਹੋਣ ਤੋਂ ਬਾਅਦ ਸਕੂਲ ਆਉਣ ਵਾਲੇ ਬੱਚਿਆਂ ਦੀ ਗਿਣਤੀ ਘੱਟ ਕੇ ਤਿੰਨ ਰਹਿ ਗਈ ਹੈ। ਉਨ੍ਹਾਂ ਦੱਸਿਆ ਕਿ ਸਕੂਲ ’ਚ ਅਧਿਆਪਕ ਨਾ ਹੋਣ ਕਰਕੇ ਮਾਪਿਆਂ ਅਤੇ ਪਿੰਡ ਵਾਸੀਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਬੱਚਿਆਂ ਦੀ ਗਿਣਤੀ ਮੁਤਾਬਕ ਸਕੂਲ ’ਚ ਅਧਿਆਪਕ ਭੇਜੇ ਜਾਣ ਸਬੰਧੀ ਉਹ ਕਈ ਵਾਰ ਜ਼ਿਲ੍ਹਾ ਸਿੱਖਿਆ ਅਫਸਰ (ਪ੍ਰਾਇਮਰੀ) ਹਲਕਾ ਵਿਧਾਇਕ ਤੇ ਹੋਰ ਉੱਚ ਅਧਿਕਾਰੀਆਂ ਨੂੰ ਮਿਲੇ ਹਨ, ਪਰ ਪਰਨਾਲਾ ਉਥੇ ਦਾ ਉਥੇ ਹੀ ਹੈ। ਪੰਜਾਬ ਸਰਕਾਰ ਪ੍ਰਾਇਮਰੀ ਵਿੱਦਿਆ ਨੂੰ ਉੱਚਾ ਚੁੱਕਣ ਲਈ ਨਿੱਤ ਦਿਨ ਯਤਨਾਂ ਦਾ ਢੰਡੋਰਾ ਪਿੱਟਿਆ ਜਾ ਰਿਹਾ ਹੈ ਪਰ ਜ਼ਮੀਨੀ ਹਕੀਕਤ ਹੋਰ ਹੀ ਹਨ। ਸਿੱਖਿਆ ਵਿਭਾਗ ਦੀਆਂ ਆਪਹੁਦਰੀਆਂ ਕਾਰਨ ਉਨ੍ਹਾਂ ਦਾ ਸਰਕਾਰੀ ਸਕੂਲ ਤੋਂ ਮੋਹ ਭੰਗ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਸਕੂਲ ’ਚ ਲੋੜੀਂਦੇ ਅਧਿਆਪਕ ਨਾ ਭੇਜੇ ਗਏ ਤਾਂ ਉਹ ਆਪਣਿਆਂ ਬੱਚਿਆਂ ਨੂੰ ਮੁੜ ਪ੍ਰਾਈਵੇਟ ਸਕੂਲ ’ਚ ਦਾਖ਼ਲ ਕਰਾਉਣ ਜਾਂ ਘਰ ਬਿਠਾਉਣ ਲਈ ਮਜਬੂਰ ਹੋਣਗੇ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਇਸ ਸਕੂਲ ਵਿਚ ਅਧਿਆਪਕ ਦੀ ਪੱਕੀ ਨਿਯੁਕਤੀ ਕੀਤੀ ਜਾਵੇ।