ਰਮਨਦੀਪ ਸਿੰਘ
ਚਾਉਕੇ, 26 ਜੁਲਾਈ
ਮੁੱਖ ਅੰਸ਼
- ਇਲਾਕਾ ਵਾਸੀ ਸਕੂਲ ’ਚ ਸਟਾਫ ਪੂਰਾ ਹੋਣ ਤਕ ਜਿੰਦਰਾ ਨਾ ਖੋਲ੍ਹਣ ਲਈ ਬਜ਼ਿੱਦ
- ਤਹਿਸੀਲਦਾਰ ਤੇ ਡੀਈਓ ਦੇ ਭਰੋਸੇ ਮਗਰੋਂ ਵੀ ਨਾ ਚੁੱਕਿਆ ਧਰਨਾ
ਪਿੰਡ ਕੋਟੜਾ ਕੌੜਿਆਂ ਵਾਲਾ ਦੇ ਸਰਕਾਰੀ ਸਕੂਲ ਨੂੰ ਸਮੂਹ ਨਗਰ ਨਿਵਾਸੀਆਂ ਤੇ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਦੇ ਸੰਘਰਸ਼ ਕਾਰਨ ਦੂਸਰੇ ਦਿਨ ਵੀ ਜਿੰਦਾ ਲੱਗਿਆ ਰਿਹਾ। ਵਰਨਣਯੋਗ ਹੈ ਕਿ ਸਕੂਲ ਨੂੰ ਅਪਗਰੇਡ ਕਰਕੇ ਸੀਨੀਅਰ ਸੈਕੰਡਰੀ ਸਕੂਲ ਬਣਾ ਦਿੱਤਾ ਗਿਆ ਸੀ ਜਿਸ ਕਾਰਨ ਵਿਦਿਆਰਥੀਆਂ ਨੇ ਗਿਆਰ੍ਹਵੀਂ ਕਲਾਸ ਵਿੱਚ ਦਾਖਲਾ ਲੈ ਲਿਆ ਪਰ ਸਕੂਲ ਵਿਚ ਸਿੱਖਿਆ ਵਿਭਾਗ ਵੱਲੋਂ ਹਾਲੇ ਤੱਕ ਇੱਕ ਵੀ ਲੈਕਚਰਾਰ ਨਾ ਭੇਜਣ ’ਤੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ ਵੇਖ ਪਿੰਡ ਵਾਸੀਆਂ ਨੇ ਸਕੂਲ ਵਿਚ ਅਧਿਆਪਕ ਪੂਰੇ ਨਾ ਕਰਨ ਤੱਕ ਗੇਟ ਨੂੰ ਜਿੰਦਾ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਮੋਠੂ ਸਿੰਘ ਕੋਟੜਾ ਤੇ ਪਿੰਡ ਦੇ ਸਰਪੰਚ ਸੁਖਪ੍ਰੀਤ ਸਿੰਘ ਤੇ ਗ੍ਰਾਮ ਪੰਚਾਇਤ ਨੇ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਸਕੂਲ ਦੇ ਹਾਲਤਾਂ ਬਾਰੇ ਮਿਲ ਕੇ ਦੱਸ ਚੁੱਕੇ ਹਾਂ ਪਰ ਉਨ੍ਹਾਂ ਨੇ ਮਸਲੇ ਨੂੰ ਹੱਲ ਕਰਨ ਲਈ ਕੋਈ ਵੀ ਸਾਰਥਿਕ ਕਦਮ ਨਹੀਂ ਚੁੱਕਿਆ ਜਿਸ ਕਾਰਨ ਜਿੰਦਾ ਲਾਉਣ ਦੀ ਨੌਬਤ ਬਣ ਗਈ। ਬੀਕੇਯੂ ਉਗਰਾਹਾਂ ਦੇ ਆਗੂ ਪਰਮਜੀਤ ਕੌਰ ਕੋਟੜਾ, ਲਹਿਰਾ ਥਰਮਲ ਯੂਨੀਅਨ ਦੇ ਆਗੂ ਬਾਦਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਗ਼ਰੀਬ ਵਿਦਿਆਰਥੀਆਂ ਕੋਲੋਂ ਵਿੱਦਿਆ ਖੋਹਣ ਦੇ ਯਤਨ ਕਰ ਰਹੀ ਹੈ। ਧਰਨੇ ਵਿਚ ਸੰਗਰੂਰ ਵਿਚ ਨੌਕਰੀਆਂ ਮੰਗਦੇ ਅਧਿਆਪਕਾਂ ‘ਤੇ ਪੁਲੀਸ ਵੱਲੋਂ ਕੀਤੇ ਗਏ ਅਣ-ਮਨੁੱਖੀ ਤਸ਼ੱਦਦ ਦੀ ਨਿਖੇਧੀ ਕਰਦਿਆਂ ਅਧਿਆਪਕਾਂ ਨੂੰ ਨੌਕਰੀਆਂ ਦੇਣ ਦੀ ਮੰਗ ਕੀਤੀ ਗਈ। ਧਰਨਾਕਾਰੀਆਂ ਨਾਲ ਗੱਲਬਾਤ ਕਰਨ ਲਈ ਪਹੁੰਚੇ ਡੀਈਓ ਮੇਵਾ ਸਿੰਘ ਤੇ ਤਹਿਸੀਲਦਾਰ ਸੁਖਬੀਰ ਸਿੰਘ ਨਾਲ ਹੋਈ ਮੀਟਿੰਗ ਵਿੱਚ ਫ਼ੈਸਲਾ ਹੋਇਆ ਕਿ ਸਕੂਲ ਵਿਚ ਦੋ ਅਧਿਆਪਕ ਭੇਜੇ ਜਾਣਗੇ। ਧਰਨਾਕਾਰੀਆਂ ਨੇ ਕਿਹਾ ਕਿ ਕੱਲ੍ਹ ਅਧਿਆਪਕ ਆਉਣ ’ਤੇ ਹੀ ਸਕੂਲ ਦੇ ਗੇਟ ਖੋਲ੍ਹੇ ਜਾਣਗੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਠੰਡੂ ਸਿੰਘ, ਕਾਕਾ ਸਿੰਘ, ਮਾਸਟਰ ਜਸਵੀਰ ਸਿੰਘ, ਗੁਰਭਗਤ ਸਿੰਘ, ਅਵਤਾਰ ਸਿੰਘ, ਮਾਸਟਰ ਗੁਰਨਾਮ ਸਿੰਘ ਤੇ ਆਦਿ ਆਗੂਆਂ ਨੇ ਧਰਨੇ ਨੂੰ ਸੰਬੋਧਨ ਕੀਤਾ।