ਕੁਲਦੀਪ ਭੁੱਲਰ
ਮੌੜ ਮੰਡੀ, 3 ਜਨਵਰੀ
ਇੱਥੇ ਰਾਮਪੁਰਾ-ਤਲਵੰਡੀ ਰੋਡ ’ਤੇ ਸਥਿਤ ਮੌੜ ਮੰਡੀ ਦੇ ਪਸ਼ੂ ਮੇਲਾ ਗਰਾਊਂਡ ਨੇੜੇ ਸਕੂਲ ਵੈਨ, ਟਰੈਕਟਰ-ਟਰਾਲੀ ਵਿੱਚ ਵੱਜਣ ਕਾਰਨ ਵਿਦਿਆਰਥਣ ਦੀ ਮੌਤ ਹੋ ਗਈ ਅਤੇ ਤਿੰਨ ਵਿਦਿਆਰਥਣਾਂ ਜ਼ਖ਼ਮੀ ਹੋ ਗਈਆਂ। ਇਸ ਦੇ ਨਾਲ ਹੀ ਵੈਨ ਡਰਾਈਵਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਅੱਜ ਸਵੇਰੇ ਵੈਨ ਚਾਲਕ ਲਵਪ੍ਰੀਤ ਸਿੰਘ 18 ਵਿਦਿਆਰਥਣਾਂ ਲੈ ਕੇ ਆਦਰਸ਼ ਸਕੂਲ ਰਾਮਨਗਰ ਵੱਲ ਜਾ ਰਿਹਾ ਸੀ। ਜਦੋਂ ਵੈਨ ਪਸ਼ੂ ਮੇਲੇ ਕੋਲ ਪਹੁੰਚੀ ਤਾਂ ਸਕੂਲ ਵੈਨ ਅਚਾਨਕ ਸਾਹਮਣੇ ਆ ਰਹੇ ਸਵਰਾਜ 855 ਟਰੈਕਟਰ-ਟਰਾਲੀ ਨਾਲ ਟਕਰਾ ਗਈ ਜਿਸ ਵਿੱਚ ਗਿਆਰ੍ਹਵੀਂ ਜਮਾਤ ਦੀ ਮਨਜੋਤ ਕੌਰ (16) ਪੁੱਤਰੀ ਅਮਨਦੀਪ ਸਿੰਘ ਵਾਸੀ ਰਾਜਗੜ੍ਹ ਕੁੱਬੇ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂ ਕਿ ਵੈਨ ਡਰਾਈਵਰ ਲਵਪ੍ਰੀਤ ਸਿੰਘ ਵਾਸੀ ਮੌੜ ਖੁਰਦ ਤੋਂ ਇਲਾਵਾ ਤਿੰਨ ਵਿਦਿਆਰਥਣਾਂ ਜ਼ਖ਼ਮੀ ਹੋ ਗਈਆਂ। ਜ਼ਖ਼ਮੀ ਵਿਦਿਆਰਥਣਾਂ ਹਰਮਨਦੀਪ ਕੌਰ, ਪ੍ਰਭਜੋਤ ਕੌਰ, ਜਸ਼ਨਦੀਪ ਕੌਰ ਨੂੰ ਜਸ਼ਨ ਹਸਪਤਾਲ ਬਠਿੰਡਾ ਵਿੱਚ ਭਰਤੀ ਕਰਵਾਇਆ, ਜਦੋਂ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ। ਵੈਨ ਚਾਲਕ ਗੰਭੀਰ ਜ਼ਖਮੀ ਹੋਣ ਕਾਰਨ ਉਸ ਨੂੰ ਆਦੇਸ਼ ਹਸਪਤਾਲ ਭੁੱਚੋ ਵਿੱਚ ਰੈਫਰ ਕਰ ਦਿੱਤਾ। ਇਸ ਸਬੰਧੀ ਥਾਣਾ ਮੁਖੀ ਜਸਵੀਰ ਸਿੰਘ ਚਹਿਲ ਨੇ ਕਿਹਾ ਕਿ ਮ੍ਰਿਤਕ ਲੜਕੀ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ’ਤੇ 174 ਦੀ ਕਾਰਵਾਈ ਕਰ ਦਿੱਤੀ ਹੈ।
ਕਾਰ ਰਜਵਾਹੇ ਵਿੱਚ ਡਿੱਗੀ; ਤਿੰਨ ਜਖ਼ਮੀ
ਕਾਲਾਂਵਾਲੀ (ਭੁਪਿੰਦਰ ਪੰਨੀਵਾਲੀਆ): ਖੇਤਰ ਦੇ ਪਿੰਡ ਰੋੜੀ ਕੋਲ ਕਾਰ ਬੇਕਾਬੂ ਹੋ ਕੇ ਨਹਿਰ ਦੇ ਪੁਲ ਦੀ ਰੇਲਿੰਗ ਤੋੜ ਕੇ ਰਜਵਾਹੇ ਵਿੱਚ ਜਾ ਡਿੱਗੀ। ਕਾਰ ਸਵਾਰ ਤਿੰਨ ਵਿਅਕਤੀ ਫੱਟੜ ਹੋ ਗਏ ਜਿਨ੍ਹਾਂ ਨੂੰ ਬਾਅਦ ਵਿੱਚ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਜਾਣਕਾਰੀ ਅਨੁਸਾਰ ਪੰਜਾਬ ਦੇ ਪਿੰਡ ਕਲਾਲਵਾਲਾ ਵਾਸੀ ਜਗਤਾਰ ਸਿੰਘ, ਕੁਲਦੀਪ ਸਿੰਘ ਅਤੇ ਇੱਕ ਹੋਰ ਵਿਅਕਤੀ ਬੀਤੀ ਰਾਤ ਕਾਰ ਵਿੱਚ ਰੋੜੀ ਵੱਲ ਆ ਰਹੇ ਸਨ। ਇਸ ਦੌਰਾਨ ਕਾਰ ਰੋੜੀ ਬ੍ਰਾਂਚ ਨਹਿਰ ਦੇ ਪੁਲ ਦੀ ਰੇਲਿੰਗ ਨਾਲ ਟਕਰਾ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਰ ਦਾ ਇੰਜਣ ਨਿਕਲ ਕੇ ਸੜਕ ਉੱਤੇ ਜਾ ਡਿੱਗਿਆ ਅਤੇ ਗੱਡੀ ਰਜਬਾਹੇ ਵਿੱਚ ਜਾ ਡਿੱਗੀ ਪਰ ਰਜਵਾਹੇ ਵਿੱਚ ਪਾਣੀ ਘੱਟ ਸੀ ਇਸਲ ਈ ਗੱਡੀ ਸਵਾਰ ਤਿੰਨਾਂ ਵਿਅਕਤੀ ਤੁਰੰਤ ਕਾਰ ’ਚ ਨਿਕਲ ਕੇ ਨਹਿਰ ’ਚੋਂ ਬਾਹਰ ਨਿਕਲ ਆਏ।