ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 12 ਅਕਤੂਬਰ
ਮੁਕਤਸਰ ਦੇ ਐਸ ਡੀ ਐਮ ਦਫਤਰ ਦਾ ਕੰਮ ਕਾਰ ਪਿਛਲੇ ਸਵਾ ਮਹੀਨੇ ਤੋਂ ਠੱਪ ਪਿਆ ਹੈ| ਇਸ ਅਰਸੇ ਦੌਰਾਨ ਚਾਰ ਐਸਡੀਐਮ ਬਦਲ ਗਏ ਹਨ| ਇਸੇ ਤਰ੍ਹਾਂ ਟਰਾਂਸਪੋਰਟ ਵਿਭਾਗ ਦੇ ਇੰਚਾਰਜ ਕਲਰਕ ਵੀ ਚਾਰ ਵਾਰ ਬਦਲੇ ਹਨ| ਵਾਰ ਵਾਰ ਦੀਆਂ ਬਦਲੀਆਂ ਕਾਰਣ ਲੋਕਾਂ ਦੇ ਕੰਮ ਨਹੀਂ ਹੋ ਰਹੇ| ਗੱਡੀਆਂ ਤੇ ਲਾਇਸੈਂਸ ਦੇ ਕੰਮਾਂ ਦਾ ਜ਼ਿਆਦਾ ਨੁਕਸਾਨ ਹੋ ਰਿਹਾ ਹੈ| ਐਸ ਡੀ ਐਮ ਸਵਰਨਜੀਤ ਕੌਰ 31 ਅਗਸਤ ਨੂੰ ਸੇਵਾਮੁਕਤ ਹੋਏ ਤਾਂ ਉਨ੍ਹਾਂ ਦੀ ਥਾਂ ਸਰਕਾਰ ਨੇ ਕਿਸੇ ਅਧਿਕਾਰੀ ਨੂੰ ਨਿਯੁਕਤ ਨਹੀਂ ਕੀਤਾ ਜਿਸ ਕਰਕੇ ਡਿਪਟੀ ਕਮਿਸ਼ਨਰ ਨੇ ਆਰਜ਼ੀ ਪ੍ਰਬੰਧ ਕਰਦੇ ਹੋਏ ਏਡੀਸੀ ਰਾਜਪਾਲ ਸਿੰਘ ਨੂੰ ਐਸ ਡੀ ਐਮ ਦਾ ਵਾਧੂ ਚਾਰਜ ਦੇ ਦਿੱਤਾ| 13 ਸਤੰਬਰ ਨੂੰ ਗਗਨਦੀਪ ਸਿੰਘ ਨੇ ਐਸਡੀਐਮ ਦਾ ਅਹੁਦਾ ਸਾਂਭਿਆ ਤਾਂ ਹੁਣ 10 ਅਕਤੂਬਰ ਨੂੰ ਉਨ੍ਹਾਂ ਦੀ ਗਿੱਦੜਬਾਹਾ ਵਿਖੇ ਬਦਲੀ ਕਰ ਦਿੱਤੀ ਤੇ ਉਨ੍ਹਾਂ ਦੀ ਥਾਂ ਗਿੱਦੜਬਾਹਾ ਦੇ ਐਸਡੀਐਮ ਕੰਵਰਜੀਤ ਸਿੰਘ ਦੀ ਨਿਯੁਕਤੀ ਕਰ ਦਿੱਤੀ| ਇਸੇ ਤਰ੍ਹਾਂ ਐਸ ਡੀ ਐਮ ਦਫਤਰ ਦੇ ਟਰਾਂਸਪੋਰਟ ਕਲਰਕ ਸਮਾਇਲ ਕੁਮਾਰ ਦੀ ਥਾਂ ਜਸਵਿੰਦਰ ਸਿੰਘ ਉਸ ਤੋਂ ਬਾਅਦ ਸੰਨੀ ਕੁਮਾਰ ਤੇ ਹੁਣ ਦਰਸ਼ਨ ਸਿੰਘ ਨੂੰ ਨਿਯੁਕਤ ਕੀਤਾ ਹੈ| ਦੱਸਣਯੋਗ ਹੈ ਕਿ ਜਦੋਂ ਕੋਈ ਅਫਸਰ ਜਾਂ ਕਲਰਕ ਲਆਹੁਦਾ ਸਾਂਭਦਾ ਹੈ ਤਾਂ ਉਸਦੀ ਆਨ-ਲਾਈਨ ਆਈਡੀ ਬਣਦੀ ਹੈ| ਅਕਸਰ ਇਹ ਆਈਡੀ ਦਸ ਦਿਨਾਂ ’ਚ ਬਣਦੀ ਹੈ| ਇਸ ਤਰ੍ਹਾਂ ਆਈ.ਡੀ. ਬਣਨ ਦੇ ਸਮੇਂ ਦੌਰਾਨ ਹੀ ਬਦਲੀ ਹੋ ਜਾਂਦੀ ਹੈ ਜਿਸ ਕਰਕੇ ਲੋਕ ਕੰਮ ਕਰਾਉਣ ਲਈ ਮਾਰੇ-ਮਾਰੇ ਫਿਰਦੇ ਹਨ| ਪਵਿੱਤਰ ਸਿੰਘ ਦੇ ਲਰਨਿੰਗ ਲਾਇੰਸਸ ਦੀ ਮਿਆਦ 12 ਨਵੰਬਰ ਸੀ ਪਰ ਦਰਸ਼ਨ ਸਿੰਘ ਕਲਰਕ ਦੀ ਆਈ. ਡੀ. ਨਾ ਬਣਨ ਕਰਕੇ ਉਹ ਅਪਲਾਈ ਨਹੀਂ ਕਰ ਸਕਿਆ ਤੇ ਉਸ ਦਾ ਲਾਇਸੈਂਸ ਰੱਦ ਹੋ ਗਿਆ| ਇਸ ਤਰ੍ਹਾਂ ਦੀ ਸਮੱਸਿਆ ਸੈਂਕੜੇ ਲੋਕਾਂ ਦੀ ਹੈ| ਕਲਰਕ ਦਰਸ਼ਨ ਸਿੰਘ ਨੇ ਦੱਸਿਆ ਕਿ ਉਸ ਦੀ ਆਈ. ਡੀ. ਤਾਂ ਬਣ ਗਈ ਹੈ ਪਰ ਉਸ ਵਿੱਚ ਟਰਾਂਸਪੋਰਟ ਦੇ ਕੰਮ ਸ਼ਾਮਲ ਨਹੀਂ ਕੀਤੇ ਗਏ ਜਿਸ ਕਰਕੇ ਉਹ ਮਜਬੂਰ ਹਨ | ਦੂਜੇ ਪਾਸੇ ਐਸਡੀਐਮ ਗਗਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਆਪਣੀ ਆਈ. ਡੀ. ਵਿੱਚ ਆਏ ਕਰੀਬ 35 ਸੌ ਲਾਇਸੰਸ ਕਰ ਦਿੱਤੇ ਹਨ ਪਰ ਕਲਰਕ ਦੀ ਆਈਡੀ ਨਾ ਬਣਨ ਕਰਕੇ ਪਿਛਲੇ ਕੰਮ ਰੁਕੇ ਪਏ ਹਨ| ਲੋਕਾਂ ਦੀ ਮੰਗ ਹੈ ਕਿ ਐਸਡੀਐਮ ਦੀ ਸਥਾਈ ਨਿਯੁਕਤੀ ਕਰਕੇ ਤੁਰੰਤ ਕੰਮ ਕਰਨ ਦਾ ਹੁਕਮ ਦਿੱਤਾ ਜਾਵੇ|