ਪੱਤਰ ਪ੍ਰੇਰਕ
ਲੰਬੀ, 21 ਸਤੰਬਰ
ਬੀਦੋਵਾਲੀ-ਲਾਲਬਾਈ ਲਿੰਕ ਸੜਕ ’ਤੇ ਲੰਘੇ ਕੱਲ੍ਹ ਦਰੱਖ਼ਤ ਨਾਲ ਵੱਜਣ ਕਰ ਕੇ ਹਾਦਸਾਗ੍ਰਸਤ ਹੋਈ ਕਾਰ ਦੇ ਮਾਮਲੇ ਵਿੱਚ ਦੂਜੀ ਜ਼ਖ਼ਮੀ ਲੜਕੀ ਹਰਪ੍ਰੀਤ ਕੌਰ ਦੀ ਵੀ ਮੌਤ ਹੋ ਗਈ। ਲੰਬੀ ਪੁਲੀਸ ਨੇ ਕਾਰ ਵਿੱਚ ਸਵਾਰ ਦੋਵੇਂ ਨੌਜਵਾਨਾਂ ’ਤੇ ਕੇਸ ਦਰਜ ਕੀਤਾ ਹੈ। ਮਰਨ ਵਾਲੀ ਇਕ ਲੜਕੀ ਦੇ ਪਿਤਾ ਨੇ ਉਕਤ ਨੌਜਵਾਨਾਂ ’ਤੇ ਦੋਵੇਂ ਲੜਕੀਆਂ ਨਾਲ ਕਾਰ ਵਿੱਚ ਜਬਰ-ਜਨਾਹ ਕਰਨ ਦੇ ਦੋਸ਼ ਵੀ ਲਗਾਏ ਹਨ। ਉੱਧਰ, ਲੰਬੀ ਥਾਣੇ ਦੇ ਏਐੱਸਆਈ ਬਲਰਾਜ ਸਿੰਘ ਨੇ ਕਿਹਾ ਕਿ ਲਵਪ੍ਰੀਤ ਅਤੇ ਜਗਪ੍ਰੀਤ ਉਰਫ਼ ਮਨੀ ਖਿਲਾਫ਼ ਧਾਰਾ 304 ਅਤੇ 120-ਬੀ ਤਹਿਤ ਕੇਸ ਕਰਕੇ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪੋਸਟਮਾਰਟਮ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।