ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 3 ਸਤੰਬਰ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਅਮਨ ਸ਼ਰਮਾ ਵੱਲੋਂ ਅਬਜ਼ਰਵੇਸ਼ਨ ਹੋਮ ਫਰੀਦਕੋਟ ਦਾ ਦੌਰਾ ਕੀਤਾ ਗਿਆ ਅਤੇ ਉਥੇ ਰਹਿ ਰਹੇ ਬਾਲ ਕੈਦੀਆਂ ਦਾ ਹਾਲ ਜਾਣਿਆ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕੀਤਾ। ਇਸ ਦੇ ਨਾਲ ਹੀ ਵਰਲਡ ਵਿਜ਼ਨ ਸੰਸਥਾ ਵੱਲੋਂ ਅਬਜਰਵੇਸ਼ਨ ਹੋਮ ਵਿੱਚ ਬੱਚਿਆਂ ਦੇ ਪੜ੍ਹਨ ਲਈ ਕਿਤਾਬਾਂ ਅਤੇ ਖੇਡ ਸਮਾਨ ਮੁਹੱਈਆ ਕਰਵਾਇਆ ਗਿਆ ਤਾਂ ਜੋ ਬੱਚਿਆਂ ਦੇ ਹੁਨਰ ਨੂੰ ਹੋਰ ਨਿਖਾਰਿਆ ਜਾ ਸਕੇ। ਇਸ ਉਪਰੰਤ ਉਨ੍ਹਾਂ ਵੱਲੋਂ ਮਾਡਰਨ ਸੁਧਾਰ ਘਰ (ਕੇਂਦਰੀ ਜ਼ੇਲ੍ਹ) ਫਰੀਦਕੋਟ ਦਾ ਵੀ ਵੀਡੀਓ ਕਾਨਫਰੰਸਿੰਗ ਰਾਹੀ ਜਾਇਜ਼ਾ ਲਿਆ ਗਿਆ ਅਤੇ ਜੇਲ੍ਹ ਵਿੱਚ ਬੰਦ ਹਵਾਲਾਤੀਆਂ ਤੇ ਕੈਦੀਆਂ ਦੀਆਂ ਮੁਸ਼ਕਲਾਂ ਨੂੰ ਸੁਣਿਆ। ਇਸ ਤੋਂ ਇਲਾਵਾ ਮੁਫਤ ਕਾਨੂੰਨੀ ਸੇਵਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਮੁਫਤ ਕਾਨੂੰਨੀ ਸੇਵਾਵਾਂ ਲੈਣ ਸਬੰਧੀ ਵੀ ਪੁੱਛਿਆ ਗਿਆ।