ਗੁਰਵਿੰਦਰ ਸਿੰਘ
ਰਾਮਪੁਰਾ ਫੂਲ, 16 ਸਤੰਬਰ
ਜ਼ਮੀਨੀ ਮਾਮਲੇ ਸਬੰਧੀ ਜਿਊਂਦ ਪਿੰਡ ਦੇ ਕਿਸਾਨਾਂ ਵੱਲੋਂ ਬੀਕੇਯੂ ਉਗਰਾਹਾਂ ਦੀ ਅਗਵਾਈ ਵਿੱਚ ਇਨਸਾਫ ਲੈਣ ਲਈ ਪਿਛਲੇ 33ਦਿਨਾਂ ਤੋਂ ਡੀਐੱਸਪੀ ਫੂਲ ਦਫ਼ਤਰ ਅੱਗੇ ਲੱਗਿਆ ਧਰਨਾ ਅੱਜ ਵੀ ਜਾਰੀ ਰਿਹਾ। ਪ੍ਰਸ਼ਾਸਨ ਵੱਲੋਂ ਕੋਈ ਗੱਲਬਾਤ ਨਾ ਸੁਣਨ ’ਤੇ ਰੋਹ ਵਿੱਚ ਆਏ ਕਿਸਾਨਾਂ ਨੇ ਡੀਐੱਸਪੀ ਦਫ਼ਤਰ ਦੀ ਘੇਰਾਬੰਦੀ ਕੀਤੀ ਹੋਈ ਹੈ। ਕਿਸਾਨ ਆਗੂ ਸ਼ਗਨਦੀਪ ਸਿੰਘ ਜਿਊਂਦ ਨੇ ਦੱਸਿਆ ਕਿ ਪਿੰਡ ਜਿਊੁਂਦ ਵਿਖੇ 20 ਜੂਨ ਨੂੰ ਵਾਪਰੇ ਗੋਲੀ ਕਾਂਡ ਵਿੱਚ ਡੀਐੱਸਪੀ ਫੂਲ ਨੇ ਕਥਿਤ ਸਿਆਸੀ ਸ਼ਹਿ ’ਤੇ ਮੁਲਜ਼ਮਾਂ ਖ਼ਿਲਾਫ਼, ਜਿਨ੍ਹਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ, ਉਨ੍ਹਾਂ ’ਤੇ ਕਾਰਵਾਈ ਕਰਨ ਦੀ ਬਜਾਏ ਪੜਤਾਲ ਰਾਹੀਂ ਬੇਦੋਸ਼ਿਆਂ ’ਤੇ, ਜਿਨ੍ਹਾਂ ਦੇ ਗੋਲੀਆਂ ਲੱਗੀਆਂ ਸਨ, ਉਨ੍ਹਾਂ ’ਤੇ ਹੀ 307 ਦਾ ਪਰਚਾ ਦਰਜ ਕਰ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਜਿੰਨਾ ਚਿਰ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਜਾਂਦੀ ਉਦੋਂ ਤਕ ਡੀਐੱਸਪੀ ਦਫ਼ਤਰ ਦੀ ਘੇਰਾਬੰਦੀ ਜਾਰੀ ਰਹੇਗੀ ਅਤੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਜਗਦੀਪ ਸਿੰਘ, ਜਰਨੈਲ ਸਿੰਘ, ਪਾਲ ਸਿੰਘ ਨੀਲਾ ਸਿੰਘ, ਸੁਖਦੇਵ ਸਿੰਘ, ਜਗਦੀਪ ਸਿੰਘ ਪ੍ਰਧਾਨ, ਰਾਣੀ ਕੌਰ, ਕਰਮਜੀਤ ਕੌਰ, ਜਸਪ੍ਰੀਤ ਕੌਰ, ਗੁਰਮੀਤ ਕੌਰ ਤੇ ਹੋਰ ਹਾਜ਼ਰ ਸਨ।