ਪੱਤਰ ਪ੍ਰੇਰਕ
ਮਾਨਸਾ, 8 ਸਤੰਬਰ
ਸਿੱਖ ਸੰਗਤ ਵੱਲੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨਾਲ ਉਨ੍ਹਾਂ ਦੀ ਮਾਨਸਾ ਸਥਿਤ ਰਿਹਾਇਸ਼ ’ਤੇ ਲੰਮੇ ਸਮੇਂ ਤੋਂ ਲਮਕਦੇ ਆ ਰਹੇ ਸਿੱਖ ਮਸਲਿਆਂ ਦੇ ਹੱਲ ਲਈ ਇੱਕ ਯਾਦ ਪੱਤਰ ਦਿੱਤਾ ਗਿਆ। ਯਾਦ ਪੱਤਰ ਹਾਸਲ ਕਰਨ ਤੋਂ ਬਾਅਦ ਵਿਧਾਇਕ ਵੱਲੋਂ ਸੰਗਤ ਨੂੰ ਪੰਜਾਬ ਸਰਕਾਰ ਵੱਲੋਂ ਬਣਦਾ ਹਰ ਤਰ੍ਹਾਂ ਦਾ ਹੱਕ ਦਿਵਾਉਣ ਲਈ ਭਰੋਸਾ ਦਿਵਾਇਆ ਗਿਆ। ਇਸ ਯਾਦ ਪੱਤਰ ਵਿੱਚ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ, ਪ੍ਰੋ.ਦਵਿੰਦਰ ਪਾਲ ਸਿੰਘ ਭੁੱਲਰ ਸਮੇਤ ਬੰਦੀ ਸਿੰਘਾਂ ਦੀ ਰਿਹਾਈ, ਬਹਬਿਲ ਕਲਾਂ ਗੋਲੀਕਾਂਡ ਦਾ ਇਨਸਾਫ, ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਗੁੰਮ ਹੋਏ 328 ਪਾਵਨ ਸਰੂਪਾਂ ਅਤੇ ਦੁਰਲੱਭ ਹੱਥ ਲਿਖਤ ਖਰੜਿਆਂ ਦੇ ਮਾਮਲੇ ਦੀ ਜਾਂਚ, ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਦੀ ਦੁਰਵਰਤੋਂ, ਸਕੂਲੀ ਪਾਠਕ੍ਰਮ ਵਿੱਚ ਸਿੱਖ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕਰਨ, ਨਿੱਜੀ ਸਕੂਲਾਂ ਵਿੱਚ ਪੰਜਾਬੀ ਬੋਲਣ ਤੋਂ ਰੋਕਣ ਖ਼ਿਲਾਫ਼ ਕਾਰਵਾਈ ਆਦਿ ਮੰਗਾਂ ਸ਼ਾਮਲ ਹਨ। ਇਸ ਮੌਕੇ ਸਾਗਰ ਸਿੰਘ, ਅਰਵਿੰਦਰ ਸਿੰਘ, ਹਰਜਿੰਦਰ ਸਿੰਘ ਹੰਸ, ਮਹਿੰਦਰ ਸਿੰਘ, ਭਜਨ ਸਿੰਘ, ਹੁਸ਼ਿਆਰ ਸਿੰਘ, ਸੁਖਵਿੰਦਰ ਸਿੰਘ, ਨਸੀਬ ਸਿੰਘ ਵੀ ਮੌਜੂਦ ਸਨ।