ਪੱਤਰ ਪ੍ਰੇਰਕ
ਲੰਬੀ, 1 ਨਵੰਬਰ
ਭਾਕਿਯੂ ਏਕਤਾ ਉਗਰਾਹਾ ਨੇ ਅਦਾਲਤੀ ਫੈਸਲੇ ’ਤੇ ਪਿੰਡ ਘੁਮਿਆਰਾ ਦੇ ਕਿਸਾਨ ਜਗਨੰਦਨ ਸਿੰਘ ਦੀ ਜ਼ਮੀਨ ’ਤੇ ਪ੍ਰਸ਼ਾਸਨ ਦੀ ਕਬਜ਼ਾ ਕਰਨ ਕਾਰਵਾਈ ਦੇ ਖਿਲਾਫ਼ ਖੇਤ ਵਿੱਚ ਲਗਾਏ ਧਰਨੇ ਨੂੰ ਅੱਜ ਪੰਜਵੇਂ ਦਿਨ ਪੱਕੇ ਧਰਨੇ ਵਿੱਚ ਤਬਦੀਲ ਕਰ ਦਿੱਤਾ। ਇਸ ਮੌਕੇ ਭਾਕਿਯੂ ਦੇ ਬਲਾਕ ਪ੍ਰਧਾਨ ਗੁਰਪਾਸ਼ ਸਿੰਘੇਵਾਲਾ ਨੇ ਕਿਹਾ ਕਿ ਜਥੇਬੰਦੀ ਕਿਸੇ ਦੇ ਪੈਸੇ ਮੁਕਰਨ ਦੇ ਪੱਖ ਵਿੱਚ ਨਹੀਂ ਹੈ, ਪਰ ਇਸ ਮਾਮਲੇ ‘ਚ ਆੜ੍ਹਤੀਆ ਧਿਰ ਦੀ ਜ਼ਮੀਨ ’ਤੇ ਅੱਖ ਹੈ। ਇਸ ਕਰਕੇ ਉਹ ਜ਼ਮੀਨ ’ਤੇ ਕਿਸੇ ਵੀ ਹਾਲਤ ’ਚ ਕਬਜ਼ਾ ਨਹੀਂ ਹੋਣ ਦੇਣਗੇ। ਬੀਤੀ 28 ਅਕਤੂਬਰ ਨੂੰ ਪ੍ਰਸ਼ਾਸਨ ਨੇ ਗੈਰਕਾਨੂੰਨੀ ਤੌਰ ’ਤੇ ਸਰਕਾਰੀ ਸਮੇਂ ਤੋਂ ਪਹਿਲਾਂ ਹੀ ਕਾਗਜ਼ੀ ਦਖ਼ਲ ਪਾ ਦਿੱਤਾ। ਗੁਰਪਾਸ਼ ਸਿੰਘ ਨੇ ਕਿਹਾ ਕਿ ਆਗਾਮੀ ਦਿਨਾਂ ‘ਚ ਇਸ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ ਅਤੇ ਇਹ ਮਸਲਾ ਆਮ ਲੋਕਾਂ ਵਿੱਚ ਲਿਜਾੲਆ ਜਾਵੇਗਾ। ਦੂਜੇ ਪਾਸੇ ਵੀਨਸ ਸੇਠੀ ਨੇ ਕਿਹਾ ਕਿ ਮਾਣਯੋਗ ਅਦਾਲਤ ਦੇ ਫੈਸਲੇ ਮੁਤਾਬਕ ਪ੍ਰਸ਼ਾਸਨ ਨੇ ਉਸ ਨੂੰ ਕਬਜ਼ਾ ਦਿਵਾਇਆ। ਉਸ ਨੇ ਕਿਸਾਨ ਯੂਨੀਅਨ ਨੂੰ ਅਦਾਲਤ ਦੇ ਫੈਸਲੇ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਬੀਤੀ 28 ਅਕਤੂਬਰ ਨੂੰ ਪ੍ਰਸ਼ਾਸਨ ਨੇ ਅਦਾਲਤੀ ਹੁਕਮਾਂ ਦੇ ਤਹਿਤ ਜ਼ਮੀਨ ਦੀ ਕਬਜ਼ਾ ਕਰਵਾਈ ਕੀਤੀ ਸੀ। ਉਸ ਮੌਕੇ ਕਿਸਾਨਾਂ ਨੇ ਪ੍ਰਸ਼ਾਸਨ ਵੱਲੋਂ ਲਾਠੀਚਾਰਜ਼ ਦੇ ਦੋਸ਼ ਲਗਾਏ ਸਨ। ਜਿਸ ਵਿੱਚ ਕਰੀਬ ਛੇ ਜਣਿਆਂ ਦੇ ਹਲਕੀਆਂ ਸੱਟਾਂ ਵੱਜੀਆਂ ਸਨ।