ਰਾਜਿੰਦਰ ਕੁਮਾਰ
ਬੱਲੂਆਣਾ (ਅਬੋਹਰ), 27 ਜੂਨ
ਇਤਿਹਾਸਕ ਪਿੰਡ ਸ੍ਰੀ ਹਰੀਪੁਰਾ ਸਾਹਿਬ (ਵਡ ਤੀਰਥ) ਵਿੱਚ ਤੀਹ ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਨਵੇਂ ਸਟੇਡੀਅਮ ਨੇ ਮੌਨਸੂਨ ਦੀ ਪਹਿਲੀ ਵਰਖਾ ਦੀ ਮਾਰ ਵੀ ਨਾ ਝੱਲੀ। ਦੋ ਦਿਨ ਪਹਿਲੇ ਵਰਖਾ ਕਾਰਨ ਖੇਰੂੰ ਖੇਰੂੰ ਹੋਏ ਸਟੇਡੀਅਮ ਦਾ ਮੁੱਦਾ ਹੁਣ ਡੀਸੀ ਦੇ ਦਰਬਾਰ ਤੱਕ ਵੀ ਪਹੁੰਚ ਗਿਆ ਹੈ। ਇਸ ਬਾਬਤ ਪੰਜਾਬੀ ਟ੍ਰਿਬਿਊਨ ਨੇ ਡਿਪਟੀ ਕਮਿਸ਼ਨਰ ਸਰਦਾਰ ਰਵਿੰਦਰ ਪਾਲ ਸਿੰਘ ਸੰਧੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੇ ਕੋਈ ਸ਼ਿਕਾਇਤ ਆਈ ਤਾਂ ਮਾਮਲੇ ਦੀ ਉੱਚ ਪੱਧਰੀ ਪੜਤਾਲ ਜ਼ਰੂਰ ਕਰਾਵਾਂਗੇ। ਪਿੰਡ ਦੇ ਸਰਪੰਚ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਹੀ ਸਟੇਡੀਅਮ ਦੇ ਨਿਰਮਾਣ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਰੰਗ ਰੋਗਨ ਸ਼ੁਰੂ ਕਰ ਦਿੱਤਾ ਗਿਆ, ਇਸੇ ਦੌਰਾਨ ਆਈ ਬਰਸਾਤ ਨੇ ਨਿਰਮਾਣ ਦੇ ਕੰਮਾਂ ਦੀ ਪੋਲ ਖੋਲ੍ਹ ਦਿੱਤੀ। ਕਰੀਬ ਚਾਰ ਘੰਟੇ ਪਏ ਮੀਂਹ ਨੇ ਸਟੇਡੀਅਮ ਨੂੰ ਥਾਂ ਥਾਂ ਤੋਂ ਖੋਖਲਾ ਕਰ ਦਿੱਤਾ। ਦਰਸ਼ਕਾਂ ਦੇ ਬੈਠਣ ਵਾਸਤੇ ਬਣਾਈਆਂ ਗਈਆਂ ਪੌੜੀਆਂ ਵੀ ਢਹਿ ਢੇਰੀ ਹੋ ਗਈਆਂ। ਸਟੇਡੀਅਮ ਦੇ ਨਿਰਮਾਣ ਵਿੱਚ ਘਟੀਆ ਸਮੱਗਰੀ ਵਰਤਣ ਦਾ ਖੁਲਾਸਾ ਇਲਾਕੇ ਦੇ ਬੀਡੀਪੀਓ ਰਵਿੰਦਰ ਕੁਮਾਰ ਨੇ ਵੀ ਕਰ ਦਿੱਤਾ। ਪੰਜਾਬੀ ਟ੍ਰਿਬਿਊਨ ਨੇ ਨਿਰਮਾਣ ਬਾਬਤ ਉਨ੍ਹਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਟੇਡੀਅਮ ਦਾ ਨਿਰਮਾਣ ਪੰਚਾਇਤੀ ਰਾਜ ਵਿਭਾਗ ਦੇ ਐਕਸੀਅਨ ਦੀ ਦੇਖਰੇਖ ਵਿੱਚ ਹੋ ਰਿਹਾ ਹੈ। ਸਟੇਡੀਅਮ ਦੇ ਨਿਰਮਾਣ ਵਿੱਚ ਊਣਤਾਈਆਂ ਦੇ ਸਬੰਧ ’ਚ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਚੌਧਰੀ ਸੰਦੀਪ ਜਾਖੜ ਨੇ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰੀ ਪੜਤਾਲ ਕਰਾਵਾਂਗੇ।