ਸੰਜੀਵ ਹਾਂਡਾ
ਫ਼ਿਰੋਜ਼ਪੁਰ,15 ਅਕਤੂਬਰ
ਪੰਜਾਬ ਸਰਕਾਰ ਵੱਲੋਂ ਢਾਈ ਦਹਾਕੇ ਪਹਿਲਾਂ ਫ਼ਿਰੋਜ਼ਪੁਰ ਵਿਚ ਖੋਲ੍ਹੇ ਗਏ ਸ਼ਹੀਦ ਭਗਤ ਸਿੰਘ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਕੈਂਪਸ ਦੀ ਹਾਲਤ ਤਰਸਯੋਗ ਹੋ ਗਈ ਹੈ। ਇਥੇ ਪੜ੍ਹਨ ਵਾਲੇ ਬੱਚਿਆਂ ਦੀ ਗਿਣਤੀ ਦਿਨੋਂ-ਦਿਨ ਘਟਦੀ ਜਾ ਰਹੀ ਹੈ ਤੇ ਸਟਾਫ਼ ਨੂੰ ਦੇਣ ਵਾਸਤੇ ਤਨਖਾਹਾਂ ਵੀ ਸਮੇਂ ਸਿਰ ਨਹੀਂ ਆ ਰਹੀਆਂ। ਸਾਲ 2002 ਤੱਕ ਪੰਜਾਬ ਸਰਕਾਰ ਵੱਲੋਂ ਇਸ ਕਾਲਜ ਨੂੰ ਸਰਕਾਰੀ ਗਰਾਂਟ ਦਿੱਤੀ ਜਾਂਦੀ ਸੀ। ਉਸ ਤੋਂ ਬਾਅਦ ਇਹ ਹਦਾਇਤ ਕੀਤੀ ਗਈ ਕਿ ਵਿਦਿਆਰਥੀਆਂ ਦੀਆਂ ਫ਼ੀਸਾਂ ਵਿਚ ਵਾਧਾ ਕਰ ਕੇ ਇਹ ਕਾਲਜ ਵਿਦਿਆਰਥੀਆਂ ਤੋਂ ਇਕੱਠੀ ਹੋਈ ਟਿਊਸ਼ਨ ਫ਼ੀਸ ’ਤੇ ਆਪਣਾ ਖਰਚਾ ਚਲਾਵੇਗਾ। ਕਾਲਜ ਵਿਚ ਹੁਣ ਕੁਝ ਸਾਲਾਂ ਤੋਂ ਵਿਦਿਆਰਥੀਆਂ ਦੇ ਦਾਖ਼ਲੇ ਘੱਟ ਹੋਣ ਹੋਣ ਕਾਰਨ ਕਾਲਜ ਦੀ ਆਮਦਨ ਘਟ ਗਈ ਹੈ। ਅਗਸਤ ਮਹੀਨੇ ਤੋਂ ਇਸ ਸੰਸਥਾ ਦੇ ਸਟਾਫ਼ ਨੂੰ ਤਨਖ਼ਾਹਾਂ ਨਹੀਂ ਦਿੱਤੀਆਂ ਗਈਆਂ, ਜਿਸ ਕਰ ਕੇ ਸਟਾਫ਼ ਨੂੰ ਵਿੱਤੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਕਾਲਜ ਕਈ ਵਰ੍ਹੇ ਪਹਿਲਾਂ ਨਵਾਂ ਵਿਦਿਅਕ ਸੈਸ਼ਨ ਸ਼ੁਰੂ ਹੋਣ ਦੇ ਸਮੇਂ ਦੌਰਾਨ ਨਵੇਂ-ਨਵੇਂ ਵਿਦਿਆਰਥੀਆਂ ਦੇ ਦਾਖ਼ਲਿਆਂ ’ਚ ਅਹਿਮ ਸਥਾਨ ਰੱਖਦਾ ਸੀ। ਉਸ ਸਮੇਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਇਲਾਵਾ ਦਿੱਲੀ, ਹਰਿਆਣਾ, ਬਿਹਾਰ ਤੇ ਯੂਪੀ ਆਦਿ ਤੋਂ ਸੈਂਕੜੇ ਵਿਦਿਆਰਥੀ ਇਥੇ ਦਾਖ਼ਲੇ ਲੈਂਦੇ ਸਨ, ਪਰ ਹੁਣ ਪਿਛਲੇ ਕੁਝ ਸਾਲਾਂ ਤੋਂ ਦਾਖ਼ਲਿਆਂ ਦੀ ਘਟ ਰਹੀ ਗਿਣਤੀ ਦੇ ਨਤੀਜੇ ਵਜੋਂ ਕਾਲਜ ਸਟਾਫ਼ ਨੂੰ ਤਨਖ਼ਾਹਾਂ ਵੀ ਸਮੇਂ ਸਿਰ ਨਹੀਂ ਮਿਲ ਰਹੀਆਂ ਹਨ। ਸਟਾਫ਼ ਦੇ ਕਈ ਮੈਂਬਰਾਂ ਵੱਲੋਂ ਬੈਂਕਾਂ ਤੋਂ ਲਏ ਕਰਜ਼ੇ ਦੀਆਂ ਕਿਸ਼ਤਾਂ ਤੇ ਬੱਚਿਆਂ ਦੀਆਂ ਟਿਊਸ਼ਨ ਫ਼ੀਸਾਂ ਭਰਨ ਵਿਚ ਦਿੱਕਤ ਪੇਸ਼ ਆ ਰਹੀ ਹੈ। ਕਾਲਜ ਸਟਾਫ਼ ਵੈਲਫ਼ੇਅਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਆਜ਼ਾਦੀ ਘੁਲਾਟੀਏ ਦੇ ਨਾਮ ਤੇ ਖੋਲ੍ਹੇ ਇਸ ਕਾਲਜ ਦਾ ਸਨਮਾਨ ਰੱਖਿਆ ਜਾਵੇ ਤੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਤੁਰੰਤ ਜਾਰੀ ਕੀਤੀਆਂ ਜਾਣ ਨਹੀਂ ਤਾਂ ਮੁਲਾਜ਼ਮ ਵਰਗ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ।