ਮਾਸਟਰ ਪੂਰਨ ਸਿੰਘ ਭਦੌੜ ਨੇ ਲੱਡੂਆਂ ਦੇ ਲੰਗਰ ਦੀ ਸੇਵਾ ਨਿਭਾਈ
ਖੇਤਰੀ ਪ੍ਰਤੀਨਿਧ
ਬਰਨਾਲਾ, 15 ਸਤੰਬਰ
ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐੱਮਐੱਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਇੱਥੇ ਰੇਲਵੇ ਸਟੇਸ਼ਨ ’ਤੇ ਲਾਇਆ ਧਰਨਾ ਅੱਜ 350ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਅੱਜ ਬੁਲਾਰਿਆਂ ਨੇ ਪੰਜਾਬ ਬੀਜੇਪੀ ਨੇਤਾ ਹਰਿੰਦਰ ਕਾਹਲੋਂ ਵੱਲੋਂ ‘ਕਿਸਾਨਾਂ ਨੂੰ ਡਾਂਗਾਂ ਨਾਲ ਸਿੱਧਾ ਕਰਨ ਦੀ ਜ਼ਰੂਰਤ’ ਵਾਲੇ ਬਿਆਨ ਦੀ ਸਖਤ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਦੀ ਇਖਲਾਕੀ ਚੜ੍ਹਤ ਅਤੇ ਵਿਸ਼ਾਲ ਸਮਰਥਨ ਮੂਹਰੇ ਸਰਕਾਰ ਤੇ ਬੀਜੇਪੀ ਬੇਬਸ ਹੋਈ ਬੁਖਲਾਹਟ ’ਚ ਹਨ। ਕਾਨੂੰਨਾਂ ਦੀ ਗੈਰ-ਸੰਵਿਧਾਨਿਕਤਾ ਤੇ ਖਾਮੀਆਂ ਲੋਕਾਈ ਵਿੱਚ ਦਿਨ-ਬ-ਦਿਨ ਵਧੇਰੇ ਸਪੱਸ਼ਟ ਹੋ ਰਹੀਆਂ ਹਨ। ਅਜਿਹੇ ਨਮੋਸ਼ੀਜਨਕ ਹਾਲਾਤਾਂ ਦੇ ਚਲਦਿਆਂ ਬੀਜੇਪੀ ਨੇਤਾ ਭੱਦੀ ਤੇ ਹੋਸ਼ੀ ਸ਼ਬਦਾਵਲੀ ਵਰਤਣ ਅਤੇ ਗਾਲਾਂ/ਡਾਗਾਂ ’ਤੇ ਉਤਰ ਆਏ ਹਨ।
ਕਿਸਾਨਾਂ ਦਾ ਵੱਡਾ ਜਥਾ ਦਿੱਲੀ ਮੋਰਚਿਆਂ ਵੱਲ ਨੂੰ ਕੂਚ ਵੀ ਕੀਤਾ।
ਅੱਜ ਧਰਨੇ ਨੂੰ ਉਜਾਗਰ ਸਿੰਘ ਬੀਹਲਾ, ਹਰਚਰਨ ਸਿੰਘ ਚੰਨਾ, ਬਲਵਿੰਦਰ ਸਿੰਘ ਪੱਤੀ-ਰੋਡ, ਮਨਜੀਤ ਕੌਰ ਖੁੱਡੀ ਕਲਾਂ, ਬਲਵੀਰ ਕੌਰ ਕਰਮਗੜ੍ਹ, ਪ੍ਰੇਮਪਾਲ ਕੌਰ, ਪੰਜਾਬ ਸਿੰਘ, ਮੇਲਾ ਸਿੰਘ ਕੱਟੂ, ਅਮਰਜੀਤ ਕੌਰ, ਮਨਜੀਤ ਰਾਜ,ਤੇ ਰਣਧੀਰ ਕੌਰ ਰਾਜਗੜ੍ਹ ਨੇ ਸੰਬੋਧਨ ਕੀਤਾ। ਉਧਰ ਰਿਲਾਇੰਸ ਮਾਲ ਮੂਹਰੇ ਲੱਗਿਆ ਧਰਨਾ ਵੀ 350ਵੇਂ ਦਿਨ ਪੂਰੇ ਜੋਸ਼ੋ ਖਰੋਸ਼ ਨਾਲ ਜਾਰੀ ਰਿਹਾ।
ਬਰਨਾਲਾ ਸਟੇਸ਼ਨ ਧਰਨੇ ’ਤੇ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ।-ਫੋਟੋ: ਬੱਲੀ