ਰਾਮਾਂ ਮੰਡੀ (ਪੱਤਰ ਪ੍ਰੇਰਕ): ਨੇੜਲੇ ਪਿੰਡ ਮਲਕਾਣਾ ਵਿਖੇ ਅੱਜ ਪਰਾਲੀ ਦੀਆਂ ਗੱਠਾਂ ਨਾਲ ਭਰੇ ਟਰਾਲੇ ਨੂੰ ਬਿਜਲੀ ਦੀਆਂ ਤਾਰਾਂ ਨਾਲ ਅੱਗ ਲੱਗ ਗਈ ਜਿਸ ਕਾਰਨ ਕਿਸਾਨ ਦਾ 40000 ਰੁਪਏ ਦਾ ਨੁਕਸਾਨ ਹੋ ਗਿਆ ਪਰ ਇਸ ਘਟਨਾ ਦੌਰਾਨ ਕਿਸੇ ਕਿਸਮ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਪਿੰਡ ਮਲਕਾਣਾ ਦੇ ਕਿਸਾਨ ਤਰਸੇਮ ਸਿੰਘ ਨੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਆਪਣੀ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਪਿੰਡ ਜੱਜਲ ਦੇ ਕਿਸਾਨ ਸੁਖਵਿੰਦਰ ਸਿੰਘ ਨੂੰ ਪਰਾਲੀ ਨੂੰ ਮੁਫਤ ਪੁੱਟ ਕੇ ਲਿਜਾਣ ਲਈ ਇਜਾਜ਼ਤ ਦੇ ਦਿੱਤੀ। ਅੱਜ ਜਦ ਸੁਖਵਿੰਦਰ ਸਿੰਘ ਪਰਾਲੀ ਪੁੱਟਣ ਤੋਂ ਬਾਅਦ ਗੱਠਾਂ ਬਣਾ ਕੇ ਟਰਾਲੇ ਵਿਚ ਲੱਦ ਕੇ ਲਿਜਾ ਰਿਹਾ ਸੀ ਤਾਂ ਕੁੱਝ ਹੀ ਦੂਰੀ ਤੇ ਬਿਜਲੀ ਦੀਆਂ ਤਾਰਾਂ ਜੋ ਢਿੱਲੀਆਂ ਹੋਣ ਕਾਰਨ ਕਾਫੀ ਨੀਵੀਆਂ ਲਮਕ ਰਹੀਆਂ ਸਨ। ਟਰਾਲੇ ਨਾਲ ਭਿੜ ਗਈਆਂ ਅਤੇ ਟਰਾਲੇ ਸਮੇਤ ਪਰਾਲੀ ਨੂੰ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਕਿਸਾਨ ਤਰਸੇਮ ਸਿੰਘ ਨੇ ਕਿਹਾ ਕਿ ਸਰਕਾਰ ਖੇਤਾਂ ਵਿਚ ਬਿਜਲੀ ਦੀਆਂ ਢਿੱਲੀਆਂ ਤਾਰਾਂ ਦਾ ਹੱਲ ਕਰੇ ਤਾਂ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ ਨਾਲ ਹੀ ਕਿਸਾਨ ਨੇ ਪਰਾਲੀ ਦੀਆਂ ਗੱਠਾਂ ਦੇ ਅੱਗ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।