ਪੱਤਰ ਪ੍ਰੇਰਕ
ਜੈਤੋ, 3 ਜੁਲਾਈ
ਇੱਥੇ ਸੀਵਰੇਜ ਦਾ ਪਾਣੀ ਗਲੀਆਂ ਵਿੱਚ ਖੜ੍ਹਨ ਦੀ ਸਮੱਸਿਆ ਤੋਂ ਪ੍ਰੇਸ਼ਾਨ ਸ਼ਹਿਰ ਦੀ ਪੱਛਮੀ ਬਾਹੀ ਦੇ ਵਸਨੀਕਾਂ ਨੇ ਮੁਕਤਸਰ ਰੋਡ ’ਤੇ ਰੇਲਵੇ ਫਾਟਕ ਨੇੜੇ ਤਹਿਸੀਲ ਕੰਪਲੈਕਸ ਵਾਲੇ ਚੌਕ ’ਚ ਧਰਨਾ ਦੇ ਕੇ ਆਵਾਜਾਈ ਰੋਕੀ। ਧਰਨਾਕਾਰੀਆਂ ਦੀ ਅਗਵਾਈ ਕਰ ਰਹੇ ਕੌਂਸਲਰ ਡਾ. ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਵਾਰਡ ਨੰਬਰ 17 ਸਮੇਤ ਵਾਰਡ ਨੰਬਰ 15 ਅਤੇ 16 ਦੀਆਂ ਗਲੀਆਂ ਵਿੱਚ ਅਕਸਰ ਹੀ ਸੀਵਰੇਜ ਦਾ ਪਾਣੀ ਖੜ੍ਹਾ ਰਹਿੰਦਾ ਹੈ। ਧਰਨੇ ਦੌਰਾਨ ਆਗੂਆਂ ਨੇ ਉਕਤ ਵਾਰਡਾਂ ’ਚ ਸਫ਼ਾਈ ਨਾ ਹੋਣ ਅਤੇ ਸਟਰੀਟ ਲਾਈਟਾਂ ਬੰਦ ਹੋਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਵਾਰਡ ਵਾਸੀਆਂ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ ਅਤੇ ਅੱਕ ਕੇ ਧਰਨਾ ਲਾਉਣਾ ਪਿਆ ਹੈ। ਇਸ ਦੌਰਾਨ ਤਹਿਸੀਲਦਾਰ ਜੈਤੋ ਲਵਪ੍ਰੀਤ ਕੌਰ, ਸੀਵਰੇਜ ਬੋਰਡ ਜੈਤੋ ਦੇ ਐੱਸਡੀਓ ਗੁਰਪਾਲ ਸਿੰਘ, ਜੇਈ ਸੁਖਜੀਤ ਸਿੰਘ ਸਮੇਤ ਹੋਰ ਅਧਿਕਾਰੀ ਨੇ ਆ ਕੇ ਆਗੂਆਂ ਦੀ ਗੱਲ ਸੁਣੀ ਅਤੇ ਮਸਲਾ ਹੱਲ ਕਰਨ ਦਾ ਭਰੋਸਾ ਦੁਆਇਆ। ਆਗੂਆਂ ਅਨੁਸਾਰ ਅਧਿਕਾਰੀਆਂ ਨੇ ਦੱਸਿਆ ਕਿ ਸੀਵਰੇਜ ਰਹਿਤ ਖੇਤਰਾਂ ’ਚ ਸੀਵਰੇਜ ਲਾਈਨ ਪਾਉਣ, ਗਲੀਆਂ ਪੱਕੀਆਂ ਕਰਨ ਸਮੇਤ ਹੋਰ ਅਧੂਰੇ ਕੰਮਾਂ ਬਾਰੇ ਐਸਟੀਮੇਟ ਪਹਿਲਾਂ ਹੀ ਤਿਆਰ ਹੈ ਅਤੇ ਫੰਡ ਆਉਣ ’ਤੇ ਇਹ ਕੰਮ ਤਰਜੀਹੀ ਆਧਾਰ ’ਤੇ ਕੀਤਾ ਜਾਵੇਗਾ। ਮੈਨ ਹੋਲਾਂ ਦੇ ਅਗੜ-ਦੁਗੜੇ ਢੱਕਣਾਂ ਨੂੰ ਹਫ਼ਤੇ ’ਚ ਠੀਕ ਕਰਨ ਬਾਰੇ ਭਰੋਸਾ ਮਿਲਣ ’ਤੇ ਧਰਨਾਕਾਰੀਆਂ ਨੇ ਧਰਨਾ ਸਮਾਪਤ ਕਰ ਦਿੱਤਾ। ਪ੍ਰਦਰਸ਼ਨ ਵਿੱਚ ਸਤੀਸ਼ ਸਾਰਵਾਨ, ਡਾ. ਰਮਨਦੀਪ, ਡਾ. ਹਰਚੰਦ ਸਿੰਘ, ਰਾਮ ਪ੍ਰਤਾਪ ਰੰਗਾ, ਸੋਨੂੰ, ਕੁਲਵੰਤ, ਨਵਰਾਹੀ ਰੰਗਾ, ਹੰਸ ਰਾਜ, ਅਜੈ ਕੁਮਾਰ, ਬਿੱਟੂ, ਵਿੱਕੀ, ਸੰਤ ਭਾਰਤ, ਹੈਪੀ, ਬਲਰਾਮ, ਦੇਵਰਾਜ, ਬਬਲੂ, ਜੀਤ, ਸ਼ਮਸ਼ਾਦ ਅਲੀ ਸਮੇਤ ਬੀਬੀਆਂ ਵੀ ਸ਼ਾਮਲ ਸਨ।