ਪੱਤਰ ਪ੍ਰੇਰਕ
ਮਾਨਸਾ, 24 ਨਵੰਬਰ
ਜੁਆਇੰਟ ਫੋਰਮ ਪਾਵਰਕੌਮ ਮਾਨਸਾ ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲਮਕਦੀਆਂ ਆ ਰਹੀਆਂ ਮੰਗਾਂ ਦੇ ਰੋਸ ਵਿੱਚ ਆਰੰਭ ਕੀਤੀ ਕੰਮ ਛੋੜ ਹੜਤਾਲ ਅੱਜ 10ਵੇਂ ਦਿਨ ਵੀ ਜਾਰੀ ਰਹੀ। ਧਰਨਕਾਰੀਆਂ ਨੇ ਦੋਸ਼ ਲਾਇਆ ਕਿ ਪਾਵਰਕੌਮ ਮੈਨੇਜਮੈਂਟ ਤੇ ਪੰਜਾਬ ਸਰਕਾਰ ਵੱਲੋਂਵਾਰ-ਵਾਰ ਭਰੋਸਿਆਂ ਦੇ ਬਾਵਜੂਦ ਉਨ੍ਹਾਂ ਦੀਆਂ ਵਾਜਬਿ ਮੰਗਾਂ ਨੂੰ ਅਮਲੀ ਰੂਪ ਨਹੀਂ ਦਿੱਤਾ ਜਾ ਰਿਹਾ।ਮੁਲਾਜ਼ਮਾਂ ਦੀ ਹੜਤਾਲ ਕਾਰਨ ਅੱਜ ਪਾਵਰਕੌਮ ਦੇ ਦਫ਼ਤਰਾਂ ਅਤੇ ਗਰਿੱਡਾਂ ’ਤੇ ਪੂਰੀ ਤਰ੍ਹਾਂ ਸੰਨਾਟਾ ਛਾਇਆ ਰਿਹਾ। ਇੱਥੇ ਕੰਮ ਕਰਵਾਉਣ ਆ ਰਹੇ ਆਮ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਖੇਤਰਾਂ ’ਚ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ।
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਬਿਜਲੀ ਕਾਮਿਆਂ ਵੱਲੋਂ ਸਮੂਹਿਕ ਛੁੱਟੀ ਲੈ ਕੇ ਕੀਤੀ ਜਾ ਰਹੀ ਹੜਤਾਲ ਜਾਰੀ ਹੈ। ਅੱਜ ਇੱਥੇ ਮੁਜ਼ਾਹਰੇ ਦੌਰਾਨ ਮੁਲਾਜ਼ਮ ਆਗੂ ਬਲਜੀਤ ਸਿੰਘ, ਸਵਰਨ ਸਿੰਘ, ਬਸੰਤ ਸਿੰਘ, ਬਲਜਿੰਦਰ ਸ਼ਰਮਾ, ਬਲਜੀਤ ਸਿੰਘ ਮੋਦਲਾ, ਗੁਰਪਾਲ ਸਿੰਘ ਪਾਲੀ ਆਦਿ ਨੇ ਸੰਬੋਧਨ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਪਾਵਰਕੌਮ ਨੇ ਪੇਅ ਬੈਂਡ ਦੀ ਮੰਗ ਨੂੰ 10 ਨਵੰਬਰ ਤੱਕ ਲਾਗੂ ਕਰਨ ਦਾ ਭਰੋਸਾ ਦਿਵਾਇਆ ਸੀ, ਪਰ ਅਜੇ ਤੱਕ ਲਾਗੂ ਨਹੀਂ ਕੀਤੀ ਗਈ।
ਬੋਹਾ (ਪੱਤਰ ਪ੍ਰੇਰਕ): ਬਿਜਲੀ ਮੁਲਾਜ਼ਮਾਂ ਦਾ ਧਰਨਾ ਅੱਜ ਨੌਵੇਂ ਦਿਨ ਵੀ ਜਾਰੀ ਰਿਹਾ। ਧਰਨੇ ਵਿੱਚ ਉਚੇਚੇ ਤੌਰ ’ਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਡਾ. ਨਿਸ਼ਾਨ ਸਿੰਘ ਕੌਲਧਾਰ ਨੇ ਅਕਾਲੀ ਦਲ-ਬਸਪਾ ਗੱਠਜੋੜ ਵੱਲੋਂ ਮੁਲਾਜ਼ਮਾਂ ਦੇ ਸੰਘਰਸ਼ ਦੀ ਹਮਾਇਤ ਦੇਣ ਦਾ ਐਲਾਨ ਕੀਤਾ।
ਝੁਨੀਰ (ਪੱਤਰ ਪੇ੍ਰਕ): ਪਾਵਰਕੌਮ ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 15 ਨਵੰਬਰ ਤੋਂ ਧਰਨੇ ਤੇ ਪ੍ਰਦਰਸ਼ਨ ਜਾਰੀ ਹਨ। ਉਨ੍ਹਾਂ ਅੱਜ ਇੱਥੇ ਪਾਵਰਕੌਮ ਦੀ ਸਥਾਨਕ ਸਬ-ਡਿਵੀਜ਼ਨ ਅੱਗੇ ਰੋਸ ਧਰਨਾ ਦਿੱਤਾ ਅਤੇ ਮੁਜ਼ਾਹਰਾ ਕੀਤਾ।
ਥਰਮਲ ਮੁਲਾਜ਼ਮਾਂ ਵੱਲੋਂ ਗੇਟ ਰੈਲੀ
ਭੁੱਚੋ ਮੰਡੀ (ਪੱਤਰ ਪ੍ਰੇਰਕ): ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੀਆਂ ਵੱਖ ਵੱਖ ਮੁਲਾਜ਼ਮ ਜੱਥੇਬੰਦੀਆਂ ਨੇ ਅੱਜ ਜੁਆਇੰਟ ਫੋਰਮ ਪਾਵਰਕੌਮ ਪੰਜਾਬ ਦੇ ਸੱਦੇ ’ਤੇ ਸਰਕਾਰ ਵੱਲੋਂ ਮੰਨੀਆਂ ਮੰਗਾਂ ਲਾਗੂ ਨਾ ਕੀਤੇ ਜਾਣ ਖ਼ਿਲਾਫ਼ ਥਰਮਲ ਦੇ ਮੁੱਖ ਗੇਟ ਅੱਗੇ ਰੋਸ ਰੈਲੀ ਕੀਤੀ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਫੈਡਰੇਸ਼ਨ ਦੇ ਪ੍ਰਧਾਨ ਅਤੇ ਮੁਲਾਜ਼ਮ ਫਰੰਟ ਪੰਜਾਬ ਦੇ ਸੂਬਾ ਆਗੂ ਬਲਜੀਤ ਸਿੰਘ ਬਰਾੜ ਬੋਦੀ ਵਾਲਾ, ਸੂਬਾ ਮੀਤ ਪ੍ਰਧਾਨ ਰਵੀਪਾਲ ਸਿੱਧ, ਜਨਰਲ ਸਕੱਤਰ ਤਰਸੇਮ ਸਿੰਘ ਨੇ ਰੈਲੀ ਨੂੰ ਸੰਬੋਧਨ ਕੀਤਾ।