ਲਖਵੀਰ ਸਿੰਘ ਚੀਮਾ
ਟੱਲੇਵਾਲ, 2 ਦਸੰਬਰ
ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਲਗਾਤਾਰ ਪੰਜਾਬ ਦੇ ਕਿਸਾਨਾਂ ਵਲੋਂ ਜਿਥੇ ਦਿੱਲੀ ਵਿੱਚ ਮੋਰਚਾ ਸੰਭਾਲਿਆ ਹੋਇਆ ਹੈ, ਉਥੇ ਹੀ ਹੁਣ ਨਵੀਂ ਪਨੀਰੀ ਕਿਸਾਨਾਂ ਦੀ ਗੈਰ ਹਾਜ਼ਰੀ ‘ਚ ਪਿੰਡਾਂ ਵਿੱਚ ਸੰਘਰਸ਼ ਦੀ ਕਮਾਨ ਸੰਭਾਲ ਰਹੀ ਹੈ। ਨਵੀਂ ਉਮਰ ਦੇ ਬੱਚਿਆਂ ਅਤੇ ਨੌਜਵਾਨਾਂ ਵਲੋਂ ਪਿੰਡਾਂ ਤੋਂ ਹੀ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਕਰਨ ਲਈ ਵੰਗਾਰ ਪਾਈ ਜਾ ਰਹੀ ਹੈ। ਪਿੰਡ ਦੀਵਾਨਾ ਵਿੱਚ ਖੇਡ ਮੈਦਾਨ ਨਾਲ ਜੁੜੇ 100 ਦੇ ਕਰੀਬ ਖਿਡਾਰੀਆਂ ਵਲੋਂ ਰੋਸ ਮਾਰਚ ਕੱਢਿਆ ਗਿਆ। ਇਨ੍ਹਾਂ ਖਿਡਾਰੀਆਂ ਵਲੋਂ ਖੇਤੀ ਕਾਨੂੰਨਾਂ ਵਿਰੁੱਧ ਵੱਖ-ਵੱਖ ਚਾਰਟ ਹੱਥਾਂ ਵਿੱਚ ਫੜ ਕੇ ਕੇਂਦਰ ਸਰਕਾਰ ਨੂੰ ਕਾਨੂੰਨ ਵਾਪਸ ਲੈਣ ਲਈ ਵੰਗਾਰ ਪਾਈ ਗਈ। ਇਸ ਮਾਰਚ ਨਾਲ ਪੂਰਾ ਦੀਵਾਨਾ ਪਿੰਡ ਮੋਦੀ ਹਕੂਮਤ ਵਿਰੋਧੀ ਨਾਅਰਿਆਂ ਨਾਲ ਗੂੰਜ ਉਠਿਆ। ਖਿਡਾਰੀਆਂ ਵਲੋਂ ਇਸ ਮੌਕੇ ਸੰਘਰਸ਼ੀ ਕਿਸਾਨਾਂ ਨੂੰ ਅਤਿਵਾਦੀ, ਦੇਸ਼ ਵਿਰੋਧੀ ਕਹਿਣ ਵਾਲੇ ਸਰਕਾਰ ਦੇ ਭਗਤਾਂ, ਸਿਆਸੀ ਲੋਕਾਂ, ਕਾਰਪੋਰੇਟਰਾਂ, ਗੋਦੀ ਮੀਡੀਆ ਨੂੰ ਲਾਹਨਤਾਂ ਪਾਈਆਂ ਗਈਆਂ। ਰੋਸ ਮਾਰਚ ਕੱਢ ਰਹੇ ਖਿਡਾਰੀਆਂ ਗੁਰਜੋਤ ਕੌਰ, ਜਸਪ੍ਰੀਤ ਕੌਰ, ਮਨਪ੍ਰੀਤ ਕੌਰ, ਪ੍ਰਵੀਨ ਕੌਰ ਅਤੇ ਅਕਾਸ਼ਦੀਪ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਦੇਸ਼ ਦੀ ਖੇਤੀ ਅਤੇ ਕਿਸਾਨੀ ਨੂੰ ਬਰਬਾਦ ਕਰਨ ਲਈ ਬਣਾਏ ਹਨ। ਇਸ ਮੌਕੇ ਖੇਡ ਮੈਦਾਨ ਕਮੇਟੀ ਦੇ ਬਲਰਾਜ ਢਿੱਲੋਂ ਤੇ ਜਗਸੀਰ ਜੱਗੀ ਬੜਿੰਗ ਨੇ ਕਿਹਾ ਕਿ ਸਰਕਾਰ ਲਈ ਇਹੀ ਚੰਗਾ ਹੋਵੇਗਾ ਕਿ ਇਹ ਕਾਨੂੰਨ ਜਲਦ ਤੋਂ ਜਲਦ ਵਾਪਸ ਲੈ ਲਵੇ, ਕਿਉਂਕਿ ਅੰਨਦਾਤੇ ਵੱਲੋਂ ਸ਼ੁਰੂ ਕੀਤਾ ਸੰਘਰਸ਼ ਰੁਕਣ ਦੀ ਥਾਂ ਦਿਨੋਂ ਦਿਨ ਵੱਧਦਾ ਹੀ ਜਾਵੇਗਾ।
ਕੋਟਕਪੂਰਾ (ਨਿੱਜੀ ਪੱਤਰ ਪ੍ਰੇਰਕ): ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਹੱਕ ‘ਚ ਅੱਜ ਸ਼ਹਿਰ ਵਿੱਚ ਕਲਾਕਾਰਾਂ, ਸਮਾਜ ਸੇਵੀ ਤੇ ਪੱਤਰਕਾਰਾਂ ਨੇ ਕੇਂਦਰ ਸਰਕਾਰ ਵਿਰੁੱਧ ਮੋਮਬੱਤੀ ਮਾਰਚ ਕੱਢਿਆ। ਸਥਾਨਕ ਫੇਰੂਮਾਨ ਚੌਕ ਤੋਂ ਸ਼ੁਰੂ ਹੋ ਕੇ ਇਹ ਰੋਸ ਮਾਰਚ ਬੱਤੀਆਂ ਵਾਲਾ ਚੌਕ ਵਿੱਚ ਖਤਮ ਹੋਇਆ। ਇਸ ਮੌਕੇ ਚਿੱਤਰਕਾਰ ਪ੍ਰੀਤ ਭਗਵਾਨ, ਕਹਾਣੀਕਾਰ ਕੁਲਵਿੰਦਰ ਵਿਰਕ, ਕਲਾਕਾਰ ਰੰਗ ਹਰਜਿੰਦਰ, ਸਮਾਜ ਸੇਵੀ ਗੁਰਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਕਲਾਕਾਰਾਂ ਨੇ ਅੱਜ ਸੂਬੇ ਅੰਦਰ ਸਾਰੇ ਸ਼ਹਿਰਾਂ ‘ਚ ਕੈਂਡਲ ਮਾਰਚ ਦਾ ਪ੍ਰੋਗਰਾਮ ਉਲੀਕਿਆ ਸੀ।