ਹਰਦੀਪ ਸਿੰਘ ਜਟਾਣਾ
ਮਾਨਸਾ, 25 ਅਕਤੂਬਰ
ਖਾਣੇ ਦੇ ਜ਼ਾਇਕੇ ਨੂੰ ਵਧਾਉਣ ਲਈ ਰਸੋਈਆਂ ਦਾ ਸਿੰਗਾਰ ਬਣਨ ਵਾਲੇ ਗੰਢਿਆਂ ਨੇ ਖਪਤਕਾਰਾਂ ਦੇ ਹੰਝੂ ਕੱਢ ਰੱਖੇ ਹਨ। ਨਿੱਤ ਦਿਨ ਵਧ ਰਹੀ ਪਿਆਜ਼ ਦੀ ਕੀਮਤ ਰੁਕਣ ਦਾ ਨਾਮ ਨਹੀਂ ਲੈ ਰਹੀ। ਪਿਛਲੇ ਸਾਲ ਦੌਰਾਨ ਦਸ ਰੁਪਏ ਤੋਂ ਲੈ ਕੇ ਪੰਦਰਾਂ ਰੁਪਏ ਕਿੱਲੋ ਵਿਕਣ ਵਾਲਾ ਪਿਆਜ ਤਿਉਹਾਰਾਂ ਅਤੇ ਹੋਰ ਖੁਸ਼ੀ ਦੇ ਸਮਾਗਮਾਂ ਦੇ ਸੀਜ਼ਨ ’ਚ ਅੱਸੀ ਰੁਪਏ ਪ੍ਰਤੀ ਕਿੱਲੋ ਤੋਂ ਵੀ ਉੱਪਰ ਚਲਾ ਗਿਆ ਹੈ। ਗੰਢਿਆਂ ਦੀ ਰੀਸ ਕਰਦਿਆਂ ਆਲੂ ਵੀ ਅਰਧ ਸੈਂਕੜਾ ਮਾਰ ਗਏ ਹਨ। ਮਟਰ ਸੌ ਰੁਪਏ ਤੋਂ ਲੈ ਕੇ ਇੱਕ 120 ਰੁਪਏ ਕਿੱਲੋ ਵਿਕ ਰਿਹਾ ਹੈ, ਜਦੋਂ ਕਿ ਲੱਸਣ ਦਾ ਭਾਅ 200 ਰੁਪਏ ਤੋਂ ਉਪਰ ਚਲਾ ਗਿਆ ਹੈ। ਅਦਰਕ 100 ਰੁਪਏ, ਆਵਲਾ ਸੱਠ ਰੁਪਏ, ਟਮਾਟਰ ਪੰਜਾਹ ਰੁਪਏ, ਗੋਭੀ ਸੱਠ ਰੁਪਏ, ਪਾਲਕ ਗੁੱਟੀ ਤੀਹ ਰੁਪਏ ਅਤੇ ਕੱਦੂ ਚਾਲੀ ਰੁਪਏ ਵਿਕ ਰਿਹਾ ਹੈ। ਸਬਜ਼ੀਆਂ ਦੀਆਂ ਅਸਮਾਨੀ ਚੜ੍ਹੀਆਂ ਕੀਮਤਾਂ ਨੇ ਲੋਕਾਂ ਦੇ ਹਰੀਆਂ ਸਬਜ਼ੀਆਂ ਖਾਣ ਦੇ ਸੁਪਨੇ ਚਕਨਾਚੂਰ ਕਰ ਦਿੱਤੇ ਹਨ । ਮਾਨਸਾ ਵਾਸੀ ਕੁਲਦੀਪ ਸਿੰਘ ਨੇ ਦੱਸਿਆ ਦਿਨ ਭਰ ਦੀ ਘਰੇਲੂ ਲੋੜ ਲਈ ਪਹਿਲਾਂ ਜਿਹੜੀ ਸਬਜ਼ੀ 100-125 ਵਿੱਚ ਮਿਲ ਜਾਂਦੀ ਸੀ, ਹੁਣ 250 ਰੁਪਏ ਵਿੱਚ ਵੀ ਨਹੀਂ ਮਿਲ ਰਹੀ। ਪਰਮਿੰਦਰ ਸਿੰਘ ਮਾਨ ਨੇ ਕਿਹਾ ਕਿ ਸਬਜ਼ੀਆਂ ਦੇ ਭਾਅ ਨੇ ਬਜਟ ਵਿਗਾੜ ਦਿੱਤਾ ਹੈ। ਉਨ੍ਹਾਂ ਕਿਹਾ ਇੱਕ ਤਾਂ ਲੋਕ ਕਰੋਨਾ ਲਾਕਡਾਉਨ ਕਾਰਨ ਆਰਥਿਕ ਮੰਦਵਾੜੇ ਦੇ ਸ਼ਿਕਾਰ ਹਨ ਤੇ ਦੂਸਰਾ ਮਹਿੰਗਾਈ ਮਾਰ ਰਹੀ ਹੈ। ਸਬਜ਼ੀ ਵਿਕਰੇਤਾ ਭੋਲਾ ਰਾਮ ਨੇ ਦੱਸਿਆ ਸਬਜ਼ੀਆਂ ਦੇ ਵਧ ਰਹੇ ਭਾਅ ਨੇ ਖਪਤਕਾਰਾਂ ਨਾਲ ਸਾਡੇ ਚੁੱਲ੍ਹੇ ਵੀ ਠੰਡੇ ਕਰ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਦੁਕਾਨ ਸਜਾਉਣ ਲਈ ਜਿਹੜਾ ਸਾਮਾਨ ਪਹਿਲਾਂ ਦੋ ਹਜ਼ਾਰ ਰੁਪਏ ’ਚ ਮਿਲ ਜਾਂਦਾ ਸੀ, ਹੁਣ ਚਾਰ ਤੋਂ ਪੰਜ ਹਜ਼ਾਰ ’ਚ ਵੀ ਨਹੀਂ ਮਿਲਦਾ। ਭੂਸਣ ਕੁਮਾਰ ਨੇ ਦੱਸਿਆ ਕਿ ਹਰ ਕਿਸਮ ਦੀ ਸਬਜ਼ੀ ਦੇ ਭਾਅ ਅਸਮਾਨੀ ਚੜ੍ਹਨ ਨਾਲ ਵਿਕਰੀ ਅੱਧੀ ਰਹਿ ਗਈ ਹੈ। ਬਹੁਤਾ ਸਾਮਾਨ ਖਰਾਬ ਹੋ ਰਿਹਾ ਹੈ, ਜਿਸ ਕਰਕੇ ਛੋਟੀ ਦੁਕਾਨਦਾਰੀ ਵਾਲੇ ਸਬਜ਼ੀ ਵਿਕਰੇਤਾ ਦੁਕਾਨਾਂ ਹੀ ਨਹੀਂ ਖੋਲ੍ਹਦੇ ।