ਜਸਵੰਤ ਜੱਸ
ਫ਼ਰੀਦਕੋਟ, 27 ਨਵੰਬਰ
ਪਿਛਲੇ ਕਰੀਬ ਇੱਕ ਦਹਾਕੇ ਤੋਂ ਪੰਜਾਬ ਹੋਮ ਗਾਰਡਜ਼ ਦਾ ਜ਼ੋਨਲ ਦਫਤਰ ਇੱਥੇ ਇੱਕ ਟੈਂਟ ‘ਚ ਚਲ ਰਿਹਾ ਹੈ। ਆਪਣੀ ਹੋਂਦ ਤੋਂ 35 ਸਾਲ ਬਾਅਦ ਵੀ ਹੋਮ ਗਾਰਡਜ਼ ਦੇ ਕਮਾਂਡੈਂਟ ਅਫਸਰ ਨੂੰ ਆਪਣਾ ਦਫਤਰ ਨਹੀਂ ਮਿਲਿਆ। ਇਹ ਦਫਤਰ ਕਿਰਾਏ ਦੇ ਇੱਕ ਮਕਾਨ ਵਿੱਚ ਚਲ ਰਿਹਾ ਹੈ ਅਤੇ ਇਹ ਮਕਾਨ ਵੀ ਆਪਣੀ ਉਮਰ ਪੂਰੀ ਕਰਕੇ ਢਹਿ ਚੁੱਕਿਆ ਹੈ। ਇਸ ਕਰਕੇ ਇਹ ਦਫਤਰ ਨੂੰ ਹੁਣ ਇੱਕ ਟੈਂਟ ਵਿੱਚੋਂ ਚਲਾਇਆ ਜਾ ਰਿਹਾ ਹੈ ਜਿਸ ਕਰਕੇ ਇੱਥੇ ਡਿਊਟੀ ਦੇ ਰਹੇ ਮੁਲਾਜ਼ਮਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸੂਚਨਾ ਅਨੁਸਾਰ ਫਰੀਦਕੋਟ, ਮੋਗਾ ਅਤੇ ਮੁਕਤਸਰ ਦੇ ਇਸ ਸਾਂਝੇ ਦਫਤਰ ਅਧੀਨ 1035 ਹੋਮ ਗਾਰਡਜ਼ ਦੇ ਮੁਲਾਜ਼ਮ ਆਪਣੀਆਂ ਸੇਵਾਵਾਂ ਮੁਹੱਈਆ ਕਰਵਾ ਰਹੇ ਹਨ ਜਦੋਂ ਕਿ ਇਸ ਦਫਤਰ ਵਿੱਚ 65 ਪੱਕੇ ਮੁਲਾਜ਼ਮ ਸਰਕਾਰੀ ਸਹੂਲਤਾਂ ਲਈ ਭਰਤੀ ਕੀਤੇ ਗਏ ਹਨ, ਪ੍ਰੰਤੂ ਉਨ੍ਹਾਂ ਨੂੰ ਲੋੜਾਂ ਪੂਰੀਆਂ ਕਰਨ ਵਾਲਾ ਦਫਤਰ ਮੁਹੱਈਆ ਨਹੀਂ ਕਰਵਾਇਆ ਗਿਆ। ਹੋਮ ਗਾਰਡਜ਼ ਦੇ ਕਮਾਂਡਿੰਗ ਅਫਸਰ ਨੇ ਤਿੰਨ ਦਹਾਕੇ ਪਹਿਲਾਂ ਸਥਾਨਕ ਹਰਿੰਦਰਾ ਨਗਰ ‘ਚ ਮਕਾਨ ਕਿਰਾਏ ‘ਤੇ ਲੈ ਕੇ ਦਫਤਰ ਚਲਾਇਆ ਸੀ। ਪਿਛਲੇ ਕਰੀਬ 15 ਸਾਲਾਂ ਤੋਂ ਮਕਾਨ ਮਾਲਕ ਆਪਣਾ ਮਕਾਨ ਖਾਲੀ ਕਰਵਾਉਣ ਲਈ ਕਮਾਂਡਿੰਗ ਦਫਤਰ ਖ਼ਿਲਾਫ਼ ਅਦਾਲਤ ‘ਚ ਚਾਰਾਜੋਈ ਕਰ ਰਿਹਾ ਸੀ। ਕੁਝ ਸਮਾਂ ਪਹਿਲਾਂ ਹੀ ਅਦਾਲਤ ਨੇ ਦਫਤਰ ਦਾ ਇੱਕ ਹਿੱਸਾ ਅਸਲ ਮਕਾਨ ਮਾਲਕ ਨੂੰ ਵਾਪਸ ਦੇ ਦਿੱਤਾ ਹੈ। ਜਦੋਂ ਕਿ ਦੂਜੇ ਹਿੱਸੇ ‘ਚ ਵਿਭਾਗ ਵੱਲੋਂ ਟੈਂਟ ਲਾ ਕੇ ਦਫਤਰ ਦਾ ਕੰਮ ਚਲਾਇਆ ਜਾ ਰਿਹਾ ਹੈ। ਦਫਤਰ ਨੂੰ ਕਿਸੇ ਵੀ ਪਾਸੇ ਤੋਂ ਚਾਰਦੀਵਾਰੀ ਨਹੀਂ ਕੀਤੀ ਗਈ। ਹੋਮ ਗਾਰਡਜ਼ ਦੇ ਦਫਤਰ ਵਿੱਚ ਮੁਲਾਜ਼ਮਾਂ ਲਈ ਵਾਸ਼ਰੂਮ ਜਾਂ ਜ਼ਰੂਰੀ ਸਰਕਾਰੀ ਰਿਕਾਰਡ ਸਾਂਭਣ ਲਈ ਸਟੋਰ ਤੱਕ ਦੀ ਸਹੂਲਤ ਨਹੀਂ ਹੈ। ਬਾਰਸ਼ਾਂ ਦੇ ਦਿਨਾਂ ‘ਚ ਇਹ ਦਫਤਰ ਪਾਣੀ ਨਾਲ ਭਰ ਜਾਂਦਾ ਹੈ, ਕਿਉਂਕਿ ਇੱਥੇ ਪਾਣੀ ਦੀ ਕੋਈ ਨਿਕਾਸੀ ਨਹੀਂਂ ਹੈ।
ਹੋਮ ਗਾਰਡਜ਼ ਦੇ ਕਮਾਂਡੈਂਟ ਬਲਵਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੇ ਨਵੇਂ ਦਫਤਰ ਲਈ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਸਬੰਧੀ ਡਿਪਟੀ ਦਫਤਰ ਨਾਲ ਪੱਤਰ ਵਿਹਾਰ ਵੀ ਚਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਉਨ੍ਹਾਂ ਨੂੰ ਫਰੀਦਕੋਟ ਸ਼ਹਿਰ ‘ਚ ਖਾਲੀ ਪਈਆਂ ਸਰਕਾਰੀ ਇਮਾਰਤਾਂ ‘ਚ ਦਫਤਰ ਲਈ ਥਾਂ ਮਿਲਣ ਦੀ ਸੰਭਾਵਨਾ ਹੈ।
ਛੇਤੀ ਇਮਾਰਤ ਦਾ ਪ੍ਰਬੰਧ ਕਰ ਦਿੱਤਾ ਜਾਵੇਗਾ: ਡੀਸੀ
ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਕਿਹਾ ਕਿ ਜਲਦ ਹੀ ਹੋਮ ਗਾਰਡਜ਼ ਦੇ ਕਮਾਂਡਿੰਗ ਅਫਸਰ ਦੇ ਦਫਤਰ ਲਈ ਇਮਾਰਤ ਦਾ ਪ੍ਰਬੰਧ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਪੱਧਰ ‘ਤੇ ਇਸ ਸੰਬੰਧੀ ਤੇਜ਼ੀ ਨਾਲ ਕੋਸ਼ਿਸ਼ਾਂ ਚਲ ਰਹੀਆਂ ਹਨ।