ਖੇਤਰੀ ਪ੍ਰਤੀਨਿਧ
ਬਰਨਾਲਾ, 26 ਜੂਨ
ਅੱਜ ਪੰਜਾਬ ਦੀਆਂ ਤਿੰਨ ਇਨਕਲਾਬੀ ਧਿਰਾਂ, ਇਨਕਲਾਬੀ ਕੇਂਦਰ ਪੰਜਾਬ, ਸੀਪੀਆਈ ਐੱਮਐਲ (ਨਿਉ ਡੈਮੋਕਰੇਸੀ) ਅਤੇ ਸੀਪੀਆਈ ਐਮਐਲ(ਲਬਿਰੇਸ਼ਨ) ਵੱਲੋਂ ਐਮਰਜੈਂਸੀ ਦੀ 46ਵੀਂ ਵਰੇਗੰਢ ਮੌਕੇ ਕਾਲਾ ਦਿਵਸ ਮਨਾਇਆ ਗਿਆ। ਸਿਵਲ ਹਸਪਤਾਲ ਬਰਨਾਲਾ ’ਚ ਹੋਏ ਭਰਵੇਂ ਇਕੱਠ ਨੂੰ ਗੁਰਪ੍ਰੀਤ ਰੂੜੇਕੇ, ਪਰਮਜੀਤ ਕੌਰ ਲੌਂਗੋਵਾਲ, ਡਾਕਟਰ ਰਾਜਿੰਦਰਪਾਲ, ਮੰਗਤ ਰਾਮ, ਬਿਕਰਮਜੀਤ ਵਿੱਕੀ ਤੇ ਗੁਰਮੀਤ ਸੁਖਪੁਰ ਨੇ ਸੰਬੋਧਨ ਕੀਤਾ ਅਤੇ ਸ਼ਹਿਰ ਵਿੱਚ ਜੋਸ਼ ਭਰਪੂਰ ਮੁਜ਼ਾਹਰਾ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ 26 ਜੂਨ ਦਾ ਦਿਨ ਪੂਰੇ ਦੇਸ਼ ਦੇ ਲੋਕਾਂ ਤੋਂ ਉਸ ਕਾਲੇ ਦੌਰ ’ਚ ਹਕੂਮਤੀ ਕਿਰਦਾਰ ਦੀ ਨਿਸ਼ਾਨਦੇਹੀ ਕਰਦਿਆਂ ਮੌਜੂਦਾ ਮੋਦੀ ਦੀ ਅਗਵਾਈ ਵਾਲੀ ਫਿਰਕੂਫਾਸ਼ੀ ਹਕੂਮਤ ਖ਼ਿਲਾਫ਼ ਜਮਹੂਰੀ ਹੱਕਾਂ ਦੀ ਜੰਗ ਨੂੰ ਮਸ਼ਾਲਚੀ ਬਣ ਤੇਜ਼ ਕਰਨ ਦਾ ਦਿਨ ਹੈ।
ਮਾਨਸਾ(ਪੱਤਰ ਪ੍ਰੇਰਕ): ਸੀਪੀਆਈਐੱਮ ਦੇ ਕੇਦਰੀ ਸੱਦੇ ’ਤੇ ਸਥਾਨਕ ਵਰਕਰਾਂ ਵੱਲੋਂ ਤੇਲ ਕੀਮਤਾਂ ਵਿੱਚ ਦਿਨ ਪ੍ਰਤੀ ਦਿਨ ਹੋ ਰਹੇ ਵਾਧੇ ਨੂੰ ਮੋਦੀ ਸਰਕਾਰ ਖਿਲਾਫ਼ਾ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਸੀਪੀਆਈਐੱਮ ਦੇ ਸੂਬਾ ਸਕੱਤਰੇਤ ਮੈਬਰ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਮਹਿੰਗਾਈ ਬੇਲਗਾਮ ਹੋ ਚੁੱਕੀ ਹੈ, ਜਿਸ ਕਾਰਨ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੈਟਰੋਲੀਅਮ ਪਦਾਰਥਾਂ ਨੂੰ ਜੀਐੱਸਟੀ ਦੇ ਦਾਇਰੇ ਵਿੱਚ ਸ਼ਾਮਲ ਕਰ ਕੇ ਆਮ ਲੋਕਾਂ ਨੂੰ ਰਾਹਤ ਦੇਵੇ।
ਖੱਬੇ ਪੱਖੀਆਂ ਵੱਲੋਂ ਪਿੰਡ ਕਲਾਲ ਮਾਜਰਾ ਵਿੱਚ ਅਰਥੀ ਫੂਕ ਮੁਜ਼ਾਹਰਾ
ਮਹਿਲ ਕਲਾਂ (ਪੱਤਰ ਪ੍ਰੇਰਕ): ਦੇਸ਼ ਅੰਦਰ ਲਗਾਤਾਰ ਵਧ ਰਹੀ ਬੇਰੁਜ਼ਗਾਰੀ ਅਤੇ ਮਹਿੰਗਾਈ ਖ਼ਿਲਾਫ਼ ਚਾਰ ਖੱਬੀਆਂ ਪਾਰਟੀਆਂ ਦੇ ਸਾਂਝੇ ਸੱਦੇ ਤਹਿਤ ਮਜਦੂਰਾਂ ਵੱਲੋਂ ਨੇੜਲੇ ਪਿੰਡ ਕਲਾਲ ਮਾਜਰਾ ਵਿੱਚ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਖੱਬੇ ਪੱਖੀ ਆਗੂ ਤੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ਨੇ ਕਿਹਾ ਕਿ ਮੋਦੀ ਸਰਕਾਰ ਦੇ ਸੱਤ ਸਾਲਾਂ ਦੇ ਕਾਰਜਕਾਲ ਦੌਰਾਨ ਤੇਲ ਤੇ ਰਸੋਈ ਗੈਸ ਦੀਆਂ ਕੀਮਤਾਂ ਲਗਾਤਾਰ ਵਧੀਆਂ ਹਨ ਤੇ ਮਹਿੰਗਾਈ ਨੇ ਲੋਕਾਂ ਦਾ ਜਿਉਣਾ ਦੁੱਭਰ ਕਰ ਦਿੱਤਾ ਹੈ।