ਜਸਵੰਤ ਜੱਸ
ਫ਼ਰੀਦਕੋਟ, 24 ਜਨਵਰੀ
ਵਿਧਾਨ ਸਭਾ ਚੋਣਾਂ ਵਿੱਚ ਰੁੱਝੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਦਾ ਲੱਕੜ ਮਾਫੀਆ ਖ਼ੂਬ ਫ਼ਾਇਦਾ ਉਠਾ ਰਿਹਾ ਹੈ। ਪਿਛਲੇ ਦੋ ਹਫ਼ਤਿਆਂ ਵਿੱਚ ਜੰਗਲਾਤ ਵਿਭਾਗ ਦੇ ਚਾਰ ਸੌ ਤੋਂ ਵੱਧ ਰੁੱਖ ਚੋਰੀ ਹੋ ਗਏ ਹਨ। ਜੰਗਲਾਤ ਵਿਭਾਗ ਨੂੰ ਆਪਣੀ ਇਸ ਚੋਰੀ ਬਾਰੇ ਅਜੇ ਤੱਕ ਜਾਣਕਾਰੀ ਵੀ ਨਹੀਂ ਹੈ। ਸੂਚਨਾ ਅਨੁਸਾਰ ਸਾਰੇ ਵਿਭਾਗਾਂ ਦੇ ਕਰਮਚਾਰੀ ਵਿਧਾਨ ਸਭਾ ਚੋਣਾਂ ਦੀ ਸਿਖਲਾਈ ਲਈ ਚੋਣ ਕਮਿਸ਼ਨ ਦੀ ਨਿਗਰਾਨੀ ਹੇਠ ਸਿਖਲਾਈ ਦੇ ਕੰਮ ਵਿੱਚ ਰੁੱਝੇ ਹੋਏ ਹਨ। ਲੱਕੜ ਮਾਫੀਏ ਨੇ ਇਸ ਦਾ ਫ਼ਾਇਦਾ ਉਠਾਉਂਦਿਆਂ ਫਰੀਦਕੋਟ ਦੀਆਂ ਜੌੜੀਆਂ ਨਹਿਰਾਂ, ਬਾਈਪਾਸ ਅਤੇ ਸ਼ੂਗਰ ਮਿੱਲ ਵਿੱਚ ਚਾਰ ਸੌ ਤੋਂ ਵੱਧ ਵੱਡੇ ਰੁੱਖ ਚੋਰੀ ਕੀਤੇ ਹਨ, ਜਿਨ੍ਹਾਂ ਵਿੱਚ ਟਾਹਲੀਆਂ, ਕਿੱਕਰਾਂ, ਨਿੰਮਾਂ ਆਦਿ ਸ਼ਾਮਲ ਹਨ। ਹਾਲਾਂਕਿ ਜੰਗਲਾਤ ਵਿਭਾਗ ਨੇ ਕਿਸੇ ਵੀ ਤਰ੍ਹਾਂ ਦੇ ਰੁੱਖ ਕੱਟਣ ਉੱਪਰ ਮੁਕੰਮਲ ਪਾਬੰਦੀ ਲਾਈ ਹੋਈ ਹੈ । ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ ਕੁੱਝ ਵਾਤਾਵਰਣ ਪ੍ਰੇਮੀਆਂ ਨੇ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤ ਭੇਜੀ ਹੈ ਪ੍ਰੰਤੂ ਅਜੇ ਤੱਕ ਇਨ੍ਹਾਂ ਰੁੱਖਾਂ ਦੇ ਚੋਰੀ ਹੋਣ ਬਾਰੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ। ਜੰਗਲਾਤ ਵਿਭਾਗ ਦੇ ਜਿਹੜੇ ਰੁੱਖ ਚੋਰੀ ਹੋਏ ਹਨ, ਉਨ੍ਹਾਂ ਦੀ ਉਮਰ 10 ਤੋਂ 16 ਸਾਲ ਦੱਸੀ ਜਾ ਰਹੀ ਹੈ। ਵਾਤਾਵਰਣ ਪ੍ਰੇਮੀ ਗੁਰਪ੍ਰੀਤ ਸਿੰਘ, ਸੰਦੀਪ ਅਰੋੜਾ, ਕਰਮਜੀਤ ਸਿੰਘ, ਪ੍ਰਿਤਪਾਲ ਸਿੰਘ ਅਤੇ ਸਿਮਰ ਧਾਲੀਵਾਲ ਨੇ ਕਿਹਾ ਕਿ ਜੰਗਲਾਤ ਵਿਭਾਗ ਦੇ ਰੁੱਖ ਵੱਢਣ ਤੋਂ ਇਲਾਵਾ ਵਿਭਾਗ ਦੀ ਕੀਮਤੀ ਜ਼ਮੀਨ ਉੱਪਰ ਵੀ ਮਾਫੀਆ ਕਬਜ਼ਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਜ਼ਿਲ੍ਹੇ ਦਾ ਚੌਗਿਰਦਾ ਖ਼ਤਰੇ ਵਿੱਚ ਹੈ।
ਜੰਗਲਾਤ ਵਿਭਾਗ ਨੂੰ ਢੁੱਕਵੀਂ ਕਾਰਵਾਈ ਦੇ ਹੁਕਮ ਦਿੱਤੇ: ਡੀਸੀ
ਡਿਪਟੀ ਕਮਿਸ਼ਨਰ ਹਰਬੀਰ ਸਿੰਘ ਨੇ ਕਿਹਾ ਕਿ ਰੁੱਖ ਚੋਰੀ ਹੋਣ ਦਾ ਮਾਮਲਾ ਗੰਭੀਰ ਹੈ ਅਤੇ ਜੰਗਲਾਤ ਵਿਭਾਗ ਨੂੰ ਇਸ ਮਾਮਲੇ ਵਿੱਚ ਤੁਰੰਤ ਢੁੱਕਵੀਂ ਕਾਰਵਾਈ ਕਰਨ ਲਈ ਕਿਹਾ ਗਿਆ ਹੈ।