ਪਵਨ ਗੋਇਲ
ਭੁੱਚੋ ਮੰਡੀ, 21 ਸਤੰਬਰ
ਸਥਾਨਕ ਟਰੱਕ ਅਪਰੇਟਰ ਯੂਨੀਅਨ ਵਿੱਚ ਪੰਜ ਮੈਂਬਰੀ ਕਮੇਟੀ ਤੋੜ ਕੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਕੀਤੀ ਗਈ ਚੋਣ ਕਾਰਨ ਯੂਨੀਅਨ ਮੁੜ ਦੋਫਾੜ ਹੋ ਗਈ ਹੈ। ਇੱਕ ਪਾਸੇ ਆਮ ਆਦਮੀ ਪਾਰਟੀ ਦੇ ਨਵੇਂ ਚੁਣੇ ਗਏ ਪ੍ਰਧਾਨ ਗੁਰਦਾਸ ਸਿੰਘ ਅਤੇ ਮੀਤ ਪ੍ਰਧਾਨ ਸਰਬਜੀਤ ਸਿੰਘ ਮਾਹਲ ਦੇ ਹਾਰ ਪਾ ਕੇ ਖੁਸ਼ੀ ਵਿੱਚ ਵਰਕਰਾਂ ਨੇ ਸ਼ਹਿਰ ਵਿੱਚ ਜੇਤੂ ਜਲੂਸ ਕੱਢਿਆ ਤਾਂ ਦੂਜੇ ਪਾਸੇ ਇਸ ਚੋਣ ਤੋਂ ਖ਼ਫਾ ਵੱਡੀ ਗਿਣਤੀ ਅਪਰੇਟਰਾਂ ਨੇ ਬਾਲਿਆਂਵਾਲੀ ਸੜਕ ’ਤੇ ਐੱਫਸੀਆਈ ਦੇ ਗੁਦਾਮ ਕੋਲ ਧਰਨਾ ਲਗਾ ਦਿੱਤਾ।
ਸਾਢੇ ਪੰਜ ਮਹੀਨੇ ਪਹਿਲਾਂ ‘ਆਪ’ ਨੇ ਸੱਤਾ ਵਿੱਚ ਆਉਂਦਿਆ ਹੀ ਦੋਵੇਂ ਯੂਨੀਅਨਾਂ ਦੇ ਆਗੂਆਂ ਦੀ ਇੱਕ ਸਾਂਝੀ ਪੰਜ ਮੈਂਬਰੀ ਕਮੇਟੀ ਬਣਾ ਕੇ ਦੋਫਾੜ ਹੋਈ ਯੂਨੀਅਨ ਨੂੰ ਇੱਕ ਕਰ ਦਿੱਤਾ ਸੀ ਪਰ ਅੱਜ ਨਵੇਂ ਚੁਣੇ ਗਏ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਨੇ ਅਪਰੇਟਰਾਂ ਵਿੱਚ ਵਿਵਾਦ ਪੈਦਾ ਕਰ ਦਿੱਤਾ। ਇਸ ਦੌਰਾਨ ਝਗੜੇ ਦੇ ਡਰ ਤੋਂ ਪ੍ਰਸ਼ਾਸਨ ਨੇ ਸਵੇਰੇ 10 ਵਜੇ ਹੀ ਭਾਰੀ ਪੁਲੀਸ ਫੋਰਸ ਤਾਇਨਾਤ ਕਰ ਦਿੱਤੀ ਸੀ। ਇਸ ਦੌਰਾਨ ਬਰਿੰਦਰ ਪਾਲ ਬੰਪਾ ਅਤੇ ਲਾਲੀ ਸ਼ੇਰਗਿੱਲ ਨੇ ਕਿਹਾ ਕਿ ਉਹ ਧੱਕੇ ਨਾਲ ਥੋਪੇ ਗਏ ਪ੍ਰਧਾਨ ਅਤੇ ਮੀਤ ਪ੍ਰਧਾਨ ਨਾਲ ਨਹੀਂ ਚੱਲਣਗੇ। ਉਨ੍ਹਾਂ ਕਿਹਾ ਕਿ ਟਰੱਕ ਅਪਰੇਟਰਾਂ ਨੂੰ ਇੱਕ ਵਿਸ਼ੇਸ਼ ਠੇਕੇਦਾਰ ਅਧੀਨ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ, ਜੋ ਕਿ ਅਪਰੇਟਰਾਂ ਨੂੰ ਮਨਜ਼ੂਰ ਨਹੀਂ ਹੈ। ਉਨ੍ਹਾਂ ਐਲਾਨ ਕੀਤਾ ਕਿ ਅੱਜ ਤੋਂ ਉਹ ਪਹਿਲਾਂ ਵਾਂਗ ਗੁਰੂ ਨਾਨਕ ਟਰੱਕ ਅਪਰੇਟਰ ਸੁਸਾਇਟੀ ਦੇ ਨਾਮ ਹੇਠ ਯੂਨੀਅਨ ਦਾ ਕੰਮ ਚਲਾਉਣਗੇ ਅਤੇ ਆਪਣੀ ਕਮਾਈ ਦੀ ਕਿਸੇ ਦੇ ਹੱਥੋਂ ਲੁੱਟ ਨਹੀਂ ਹੋਣ ਦੇਣਗੇ। ਜੇਕਰ ਸਰਕਾਰ ਉਨ੍ਹਾਂ ਨੂੰ ਟੈਂਡਰ ਅਲਾਟ ਕਰੇਗੀ, ਤਾਂ ਉਹ ਕੰਮ ਕਰ ਲੈਣਗੇ, ਨਹੀਂ ਤਾਂ ਟਰੱਕ ਘਰਾਂ ਵਿੱਚ ਲਗਾ ਦੇਣਗੇ। ਯੂਨੀਅਨ ਵਿੱਚ ਕੁੱਲ 220 ਟਰੱਕ ਹਨ, ਜਿਨ੍ਹਾਂ ਵਿੱਚੋਂ 210 ਟਰੱਕ ਉਨ੍ਹਾਂ ਨਾਲ ਹਨ ਜਿਨ੍ਹਾਂ ’ਚ ਤੋੜੀ ਗਈ ਪੰਜ ਮੈਂਬਰੀ ਕਮੇਟੀ ਦੇ ਚਾਰ ਮੈਂਬਰ ਵੀ ਸ਼ਾਮਲ ਹਨ। ਪੰਜਵਾਂ ਮੈਂਬਰ ‘ਆਪ’ ਦਾ ਸੀ, ਜਿਸ ਨੂੰ ਅੱਜ ਮੀਤ ਪ੍ਰਧਾਨ ਚੁਣਿਆ ਗਿਆ ਹੈ।
ਨਵੇਂ ਬਣੇ ਮੀਤ ਪ੍ਰਧਾਨ ਸਰਬਜੀਤ ਸਿੰਘ ਨੇ ਕਿਹਾ ਕਿ ਇਹ ਧਰਨਾ ਹੋਰ ਕਿਸੇ ਰੌਲੇ ਨੂੰ ਲੈ ਕੇ ਲਗਾਇਆ ਹੋ ਸਕਦਾ ਹੈ। ਇਸ ਧਰਨੇ ਦਾ ਉਨ੍ਹਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਸਾਰੇ ਅਪਰੇਟਰ ਚੋਣ ਨਾਲ ਸਹਿਮਤ ਹਨ। ਜੇਕਰ ਕੋਈ ਖਫ਼ਾ ਹੋਇਆ ਤਾਂ ਉਸ ਨੂੰ ਸਹਿਮਤ ਕਰ ਲਿਆ ਜਾਵੇਗਾ।