ਜੋਗਿੰਦਰ ਸਿੰਘ ਮਾਨ
ਮਾਨਸਾ, 21 ਅਕਤੂਬਰ
ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਮਾਤਾ ਸੁੰਦਰੀ ਗਰਲਜ਼ ਯੂਨੀਵਰਸਿਟੀ ਵਿਖੇ ਚੱਲ ਰਹੇ ‘ਯੁਵਾ ਉਤਸਵ ਅਤੇ ਯੁਵਾ ਸੰਵਾਦ’ ਦੇ ਦੂਜੇ ਦਿਨ ‘2047 ’ਚ ਕਿਹੋ ਜਿਹਾ ਹੋਵੇ ਮੇਰਾ ਭਾਰਤ’ ਵਿਸ਼ੇ ’ਤੇ ਨੌਜਵਾਨਾਂ ਨੇ ਡੂੰਘੀ ਚਰਚਾ ਕਰਦਿਆਂ ਦੇਸ਼ ਦੇ ਸਿੱਖਿਆ, ਰਾਜਨੀਤਕ, ਆਰਥਿਕ, ਸਮਾਜਿਕ ਸਿਸਟਮ ਵਿੱਚ ਇਨਕਲਾਬੀ ਸੁਧਾਰਾਂ ਦੀ ਮੰਗ ਕਰਦਿਆਂ ਯੁਵਾ ਵਰਗ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ। ਅੱਜ ਦੇ ਇਸ ਸਮਾਪਤੀ ਸਮਾਗਮ ਦੌਰਾਨ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਨੇ ਸ਼ਿਰਕਤ ਕਰਦਿਆਂ ਜੇਤੂ ਟੀਮਾਂ ਨੂੰ ਇਨਾਮ ਵੰਡੇ। ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜ਼ਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਪ੍ਰਬੰਧਕ ਡਾ. ਸੰਦੀਪ ਘੰਡ ਨੇ ਦੱਸਿਆ ਕਿ ਦੋ ਰੋਜ਼ਾ ਉਤਸਵ ਦੌਰਾਨ ਯੁਵਾ ਸੰਵਾਦ ਅਹਿਮ ਪ੍ਰੋਗਰਾਮ ਹੈ, ਜਿਸ ਦੌਰਾਨ 2047 ਦੇ ਭਾਰਤ ਦੀ ਚਰਚਾ ਜ਼ਿਲ੍ਹਿਆਂ ਤੋਂ ਲੈ ਕੇ ਰਾਜ, ਕੌਮੀ ਪੱਧਰ ਤੱਕ ਹੋਣੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ ਹੋਣਹਾਰ ਨੌਜਵਾਨਾਂ ਦਾ ਇਸ ਰੂਪ ’ਚ ਚਰਚਾ ਕਰਨਾ ਭਾਰਤ ਸਰਕਾਰ ਅਤੇ ਨਹਿਰੂ ਯੁਵਾ ਸੰਗਠਨ ਦਾ ਇਹ ਵੱਡਾ ਤੇ ਅਹਿਮ ਉਪਰਾਲਾ ਮੰਨਿਆ ਜਾ ਰਿਹਾ ਹੈ। ਉਤਸਵ ਦੇ ਦੂਜੇ ਦਿਨ ਮਾਲਵਾ ਪਬਲਿਕ ਹਾਈ ਸਕੂਲ ਖਿਆਲਾਂ ਕਲਾਂ ਦੀਆਂ ਵਿਦਿਆਰਥਣਾਂ, ਜਿਨ੍ਹਾਂ ਨੇ ਪਰਾਲੀ ਨਾ ਫੂਕਣ ਦਾ ਸਨੇਹਾ ਦਿੱਤਾ ਸੀ, ਨੂੰ ਸਨਮਾਨਿਤ ਕੀਤਾ ਗਿਆ। ਇਸ ਕਵੀਸ਼ਰੀ ਨੂੰ ਮੁੱਖ ਮੰਤਰੀ ਵੱਲੋਂ ਆਪਣੇ ਪੇਜ਼ ’ਤੇ ਸ਼ੇਅਰ ਕਰਦਿਆਂ 51 ਹਜ਼ਾਰ ਰੁਪਏ ਦੇ ਸਨਮਾਨ ਦਾ ਐਲਾਨ ਕੀਤਾ ਗਿਆ ਸੀ। ਯੁਵਾ ਉਤਸਵ ਦੌਰਾਨ ਅਧਿਆਪਕ ਗੁਰਜੰਟ ਸਿੰਘ ਚਾਹਲ, ਲੈਕਚਰਾਰ ਵੀਰਪਾਲ ਕੌਰ ਦੀ ਅਗਵਾਈ ’ਚ ਪੁਰਾਤਨ ਸਭਿਆਚਾਰ ਨੂੰ ਦਰਸਾਉਂਦੀ ਪ੍ਰਦਰਸ਼ਨੀ, ਗੁਰਮੀਤ ਸਿੰਘ ਬੁਰਜ ਰਾਠੀ ਦੀ ਅਗਵਾਈ ’ਚ ਰਾਠੀ ਕਲਾ ਕੇਂਦਰ ਵੱਲੋਂ ਵੇਸਟ ਚੀਜ਼ਾਂ ਤੋਂ ਬਣਾਏ ਖਡੌਣਿਆਂ ਦੀ ਪ੍ਰਦਰਸ਼ਨੀ ਅਤੇ ਭਾਸ਼ਾ ਵਿਭਾਗ ਮਾਨਸਾ ਵੱਲੋਂ ਲਾਈ ਪੁਸਤਕ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਰਹੀ। ਇਸ ਮੌਕੇ ਪ੍ਰਿੰਸੀਪਲ ਡਾ.ਬਰਿੰਦਰ ਕੌਰ, ਡਾ.ਵਿਜੈ ਮਿੱਢਾ, ਡਾ.ਰਣਜੀਤ ਰਾਏ, ਪਰਮਜੀਤ ਸੋਹਲ, ਡਾ. ਜਨਕ ਰਾਜ, ਸੰਜੀਵ ਪਿੰਕਾ, ਹਰਦੀਪ ਸਿੰਘ ਸਿੱਧੂ, ਗੁਰਦੀਪ ਸਿੰਘ, ਹਰਪ੍ਰੀਤ ਬਹਿਣੀਵਾਲ ਵੀ ਹਾਜ਼ਰ ਸਨ।