ਪਰਸ਼ੋਤਮ ਬੱਲੀ
ਬਰਨਾਲਾ, 7 ਦਸੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਇਕਾਈ ਵੱਲੋਂ ਸ਼ਹਿਰ ਵਿੱਚ ਮੋਟਰਸਾਈਕਲ ਮਾਰਚ ਕਰਕੇ ਸ਼ਹਿਰੀਆਂ ਨੂੰ 8 ਦਸੰਬਰ ਦੇ ਭਾਰਤ ਬੰਦ ਦੇ ਕੌਮੀ ਸੱਦੇ ਨੂੰ ਸਫ਼ਲ ਬਣਾਉਣ ਦੀ ਅਪੀਲ ਕੀਤੀ ਗਈ। ਆਗੂਆਂ ਕਿਹਾ ਕਿ ਇਸ ਲੋਕ ਘੋਲ ਵਿੱਚ ਹਰ ਕੋਈ ਆਪਣਾ ਯੋਗਦਾਨ ਪਾਵੇ ਤਾਂ ਕਿ ਇਸ ਘੋਲ ਨੂੰ ਜਿੱਤ ਦੇ ਮੁਕਾਮ ਤੱਕ ਪਹੁੰਚਾਇਆ ਜਾ ਸਕੇ। ਅੰਬਾਨੀਆਂ, ਅਡਾਨੀਆਂ ਤੇ ਕਾਰਪੋਰੇਟਾਂ ਦੇ ਹੱਥ ਲੋਕਾਈ ਦੀ ਰੋਜ਼ੀ-ਰੋਟੀ ਹਵਾਲੇ ਕਰਨ ਜਾ ਰਹੀ ਕੇਂਦਰੀ ਸਰਕਾਰ ਦੀਆਂ ਨੀਤੀਆਂ ਤੇ ਕਾਨੂੰਨਾਂ ਨੂੰ ਜਨ ਪੱਖੀ ਮੋੜਾ ਦਿੱਤਾ ਜਾ ਸਕੇ। ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਜਰਨੈਲ ਸਿੰਘ ਬਦਰਾ, ਰੂਪ ਸਿੰਘ ਧੌਲਾ, ਸੰਦੀਪ ਸਿੰਘ, ਜਗਤਾਰ ਸਿੰਘ ਚੀਮਾ, ਗੁਰਨਾਮ ਸਿੰਘ, ਗੁਰਪ੍ਰੀਤ ਸਿੰਘ ਭੋਤਨਾ, ਦਵਿੰਦਰ ਸਿੰਘ ਤੇ ਜਰਨੈਲ ਸਿੰਘ ਜਵੰਧਾ ਪਿੰਡੀ ਨੇ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ। ਮੋਟਰਸਾਈਕਲ ਮਾਰਚ ਸਥਾਨਕ ਭਾਜਪਾ ਆਗੂ ਯਾਦਵਿੰਦਰ ਸ਼ੰਟੀ ਦੇ ਘਰ ਅੱਗੇ ਲੱਗੇ ਧਰਨੇ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਸਮੁੱਚੇ ਬਾਜ਼ਾਰਾਂ ਵਿੱਚੋਂ ਦੀ ਹੁੰਦਾ ਹੋਇਆ ਵਾਪਸ ਕਚਹਿਰੀ ਚੌਕ ਪੁੱਜ ਕੇ ਸਮਾਪਤ ਕੀਤਾ ਗਿਆ।