ਅੰਮ੍ਰਿਤਪਾਲ ਸਿੰਘ ਧਾਲੀਵਾਲ
ਰੂੜੇਕੇ ਕਲਾਂ, 15 ਜੁਲਾਈ
ਇੱਥੋਂ ਨੇੜਲੇ ਪਿੰਡ ਭੈਣੀ ਫੱਤਾ ਵਿੱਚ ਕਿਸਾਨ ਦੀ ਜ਼ਮੀਨ ਦੀ ਕੁਰਕੀ ਕਰਨ ਆਏ ਤਹਿਸੀਲਦਾਰ ਤਪਾ ਵਰਿੰਦਰ ਭਾਟੀਆ ਅਤੇ ਉਨ੍ਹਾਂ ਦੀ ਟੀਮ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪਿੰਡ ਵਾਸੀਆਂ ਵੱਲੋਂ ਘਿਰਾਓ ਕੀਤਾ ਗਿਆ।
ਜਾਣਕਾਰੀ ਅਨੁਸਾਰ ਤਪਾ ਦੇ ਆੜ੍ਹਤੀਏ ਵੱਲੋਂ ਕਿਸਾਨ ਲੀਲੂ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਭੈਣੀ ਫੱਤਾ ਵੱਲੋਂ ਆੜ੍ਹਤ ਦੇ ਲੈਣ-ਦੇਣ ਵਿੱਚ ਅਦਾਲਤ ਵਿੱਚ ਕੇਸ ਕਰ ਕੇ ਕੁਰਕੀ ਦੇ ਆਰਡਰ ਲਿਆਂਦੇ ਗਏ ਸਨ। ਘਿਰਾਓ ਘਰ ਰਹੇ ਆਗੂਆਂ, ਪਿੰਡ ਵਾਸੀਆਂ ਤੇ ਕਿਸਾਨ ਨੇ ਦੋਸ਼ ਲਗਾਇਆ ਕਿ ਇਸ ਲੈਣ-ਦੇਣ ਵਿੱਚ ਆੜ੍ਹਤੀਏ ਨੂੰ 2006 ਵਿੱਚ ਇੱਕ ਏਕੜ ਜ਼ਮੀਨ ਬੈਅ ਦੀ ਰਜਿਸਟਰੀ ਕਰਵਾ ਦਿੱਤੀ ਸੀ ਅਤੇ ਆੜ੍ਹਤੀਏ ਵੱਲੋਂ ਆਪਣੀ ਹੱਥ ਲਿਖਤ ਵੀ ਉਸੇ ਦਿਨ ਕਰ ਦਿੱਤੀ ਸੀ ਜੋ ਅੱਜ ਵੀ ਕਿਸਾਨ ਕੋਲ ਮੌਜੂਦ ਹੈ। ਉਨ੍ਹਾਂ ਕਿਹਾ ਕਿ ਆੜ੍ਹਤੀਏ ਵੱਲੋਂ ਕਿਸਾਨ ਨੂੰ ਅਸਲੀ ਪਰਨੋਟ ਨਹੀਂ ਦਿੱਤਾ ਗਿਆ ਜਿਸ ਦੇ ਆਧਾਰ ’ਤੇ ਅਦਾਲਤ ਵਿੱਚ ਕੇਸ ਕਰ ਕੇ ਕਿਸਾਨ ਦੀ ਜ਼ਮੀਨ ਦੀ ਕੁਰਕੀ ਲਿਆਂਦੀ ਗਈ ਹੈ।
ਕੁਰਕੀ ਸਮੇਂ ਮੌਕੇ ਦੇ ਪਟਵਾਰੀ, ਕਾਨੂੰਗੋ, ਤਹਿਸੀਲ ਤਪਾ ਨਾਲ ਆੜ੍ਹਤੀਏ ਨਾਲ ਕਿਸਾਨ ਦੀ ਜ਼ਮੀਨ ਵਿੱਚ ਜਾਣ ਦੀ ਗੱਲ ਕੀਤੀ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਤਹਿਸੀਲਦਾਰ ਅਤੇ ਉਸ ਦੀ ਟੀਮ ਦਾ ਘਿਰਾਓ ਕਰ ਲਿਆ। ਇਸ ਮਗਰੋਂ ਤਹਿਸੀਲਦਾਰ ਅਤੇ ਆੜ੍ਹਤੀਏ ਨੂੰ ਪੰਚਾਇਤ ਦੀ ਹਾਜ਼ਰੀ ਵਿਚ ਲਿਖਤੀ ਸਮਝੌਤਾ ਕਰ ਕੇ ਉੱਥੋਂ ਜਾਣਾ ਪਿਆ।
ਇਸ ਮੌਕੇ ਜ਼ਿਲ੍ਹਾ ਜਰਨਲ ਸਕੱਤਰ ਜਰਨੈਲ ਸਿੰਘ ਬਦਰਾ, ਬਲਾਕ ਪ੍ਰਧਾਨ ਬਲੌਰ ਸਿੰਘ ਛੰਨਾ, ਬਲਜਿੰਦਰ ਸਿੰਘ, ਰਾਜਿੰਦਰ ਸਿੰਘ, ਗੁਰਜੰਟ ਸਿੰਘ, ਰਾਮ ਸਿੰਘ, ਮੇਜਰ ਸਿੰਘ, ਜਸਕਰਨ ਸਿੰਘ ਜੱਸਾ, ਗੁਰਪ੍ਰੀਤ ਸਿੰਘ, ਹਾਕਮ ਸਿੰਘ, ਸਰਪੰਚ ਬਲਵਿੰਦਰ ਸਿੰਘ, ਮੈਂਬਰ ਕੇਵਲ ਸਿੰਘ, ਪ੍ਰਧਾਨ ਰਣਜੀਤ ਸਿੰਘ, ਨੰਬਰਦਾਰ ਬੂਟਾ ਸਿੰਘ, ਸੈਕਟਰੀ ਗੁਰਪ੍ਰੀਤ ਸਿੰਘ, ਨਛੱਤਰ ਸਿੰਘ, ਸੂਬਾ ਸਿੰਘ ਆਦਿ ਹਾਜ਼ਰ ਸਨ।