ਪੱਤਰ ਪ੍ਰੇਰਕ
ਮਾਨਸਾ, 14 ਅਕਤੂਬਰ
ਪੰਜਾਬ ਸਰਕਾਰ ਵੱਲੋਂ ਲੰਪੀ ਸਕਿਨ ਨੂੰ ਲੈਕੇ ਬੰਦ ਕੀਤੀਆਂ ਗਈਆਂ ਮਾਲਵਾ ਖੇਤਰ ਦੀਆਂ ਪਸ਼ੂ ਮੰਡੀਆਂ ਨੂੰ ਅੱਜ ਪੰਜਾਬ ਕਿਸਾਨ ਯੂਨੀਅਨ ਵੱਲੋਂ ਇਥੇ ਚਾਲੂ ਕਰਵਾਇਆ ਗਿਆ। ਜਥੇਬੰਦੀ ਦਾ ਕਹਿਣਾ ਹੈ ਕਿ 6 ਅਕਤੂਬਰ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਪਸ਼ੂ ਮੰਡੀਆਂ ਨੂੰ ਮੁੜ ਆਰੰਭ ਕਰਨ ਦਾ ਵਿਸ਼ਵਾਸ ਦਿਵਾਇਆ ਸੀ, ਪਰ ਜਦੋਂ 14 ਅਕਤੂਬਰ ਤੱਕ ਮੰਡੀਆਂ ਨੂੰ ਆਰੰਭ ਕਰਨ ਦੇ ਆਦੇਸ਼ ਪਸ਼ੂ ਪਾਲਣ ਮਹਿਕਮੇ ਕੋਲ ਨਾ ਪੁੱਜੇ ਤਾਂ ਅੱਕੇ ਹੋਏ ਕਿਸਾਨਾਂ ਨੇ ਅੱਜ ਇਥੇ ਪਸ਼ੂ ਪਾਲਣ ਵਿਭਾਗ ਦੇ ਦਫ਼ਤਰ ਨੇੜੇ ਪਸ਼ੂ ਮੰਡੀ ਆਰੰਭ ਕਰ ਦਿੱਤੀ। ਇਸ ਮੰਡੀ ਵਿੱਚ ਬਕਾਇਦਾ ਵਪਾਰੀ ਆਏ ਅਤੇ ਕਿਸਾਨਾਂ-ਮਜ਼ਦੂਰਾਂ ਵੱਲੋਂ ਪਸ਼ੂਆਂ ਦੀ ਕੁਝ ਹੱਦ ਤੱਕ ਵੇਚ-ਵੱਟ ਵੀ ਕੀਤੀ।
ਇਸ ਪਸ਼ੂ ਮੇਲੇ (ਮੰਡੀ) ਦੌਰਾਨ ਉਸ ਵੇਲੇ ਮਾਹੌਲ ਭਖ਼ ਗਿਆ, ਜਦੋਂ ਪੰਚਾਇਤ ਵਿਭਾਗ ਦੇ ਇੱਕ ਅਧਿਕਾਰੀ ਨੇ ਮੰਡੀ ਵਿੱਚ ਆ ਕੇ ਪਸ਼ੂ ਮੇਲਾ ਬੰਦ ਕਰਵਾਉਣ ਦੀ ਚਿਤਾਵਨੀ ਦਿੱਤੀ। ਭਾਵੇਂ ਕਿਸਾਨਾਂ ਦੇ ਰੋਹ ਮੁੂਹਰੇ ਉਸ ਦੀ ਇਕ ਨਾ ਚੱਲੀ ਪਰ ਸਰਕਾਰੀ ਪੱਤਰ ਨਾ ਆਉਣ ਦੀ ਸੂਰਤ ਵਿੱਚ ਉਸ ਨੇ ਅਜਿਹੇ ਮੇਲੇ ਲਗਾਉਣ ਵਰਜਿਆ ਅਤੇ ਆਪਣੀ ਗੱਲ ਅਪੀਲ-ਦਲੀਲ ਨਾਲ ਰੱਖੀ। ਬਾਅਦ ਵਿੱਚ ਮਾਮਲਾ ਪੁਲੀਸ ਤੱਕ ਚਲਾ ਗਿਆ ਅਤੇ ਕਿਸਾਨਾਂ ਨੇ ਨਾਅਰੇਬਾਜ਼ੀ ਕਰਕੇ ਪੰਚਾਇਤੀ ਵਿਭਾਗ ਦੇ ਅਧਿਕਾਰੀਆਂ ਨੂੰ ਉਥੋਂ ਵਾਪਸ ਭੇਜ ਦਿੱਤਾ।
ਇਸ ਮੌਕੇ ਜੁੜੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਕਿਹਾ ਕਿ ਮੁੱਖ ਮੰਤਰੀ, ਸੰਯੁਕਤ ਕਿਸਾਨ ਮੋਰਚੇ ਨਾਲ ਕੀਤੇ ਵਾਅਦੇ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰੇ ਅਤੇ ਕਿਸਾਨਾਂ ਵਪਾਰੀਆਂ ਨਾਲ ਲੁਕਣ ਮੀਟੀ ਖੇਡਣੀ ਬੰਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਿਸ ਤਰ੍ਹਾਂ ਜਨਤਾ ਦਾ ਵਿਸ਼ਵਾਸ ਜਿੱਤ ਕੇ ‘ਇਨਕਲਾਬ ਦਾ ਨਾਅਰਾ’ ਦੇ ਕੇ ਸੱਤਾ ਵਿੱਚ ਆਈ ਹੈ, ਉਸੇ ਤਰ੍ਹਾਂ ਵਾਅਦੇ ਪੂਰੇ ਕਰਕੇ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਬਣਾਈ ਰੱਖੇ। ਉਨ੍ਹਾਂ ਕਿਹਾ ਕਿ ਅਜਿਹਾ ਨਾ ਕਰਨ ਦੀ ਸੂਰਤ ’ਚ ਪੰਜਾਬ ਵਿੱਚ ਅਰਾਜਕਿਤਾ ਫੈਲੇਗੀ ਤੇ ਵਪਾਰੀ ਵਰਗ ਸੜਕਾਂ ’ਤੇ ਉਤਰਨ ਲਈ ਮਜਬੂਰ ਹੋਵੇਗਾ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਮੂੰਹਜ਼ੁਬਾਨੀ ਗੱਲਾਂ ਕਰਨ ਦੀ ਬਜਾਏ ਸਬੰਧਿਤ ਮਹਿਕਮਿਆਂ ਨੂੰ ਪਸੂ ਮੰਡੀਆਂ ਲਗਾਉਣ ਦੇ ਆਰਡਰ ਜਾਰੀ ਕਰੇ ਅਤੇ ਵਪਾਰੀ, ਕਿਸਾਨ ਵਰਗ ਦਾ ਮਾਨਸਿਕ, ਆਰਥਿਕ ਸ਼ੋਸ਼ਣ ਬੰਦ ਕਰੇ। ਇਸ ਮੌਕੇ ਗੁਰਜੰਟ ਸਿੰਘ ਮਾਨਸਾ, ਜਗਤਾਰ ਸਿੰਘ ਸਹਾਰਨਾ, ਗੁਰਦੀਪ ਸਿੰਘ ਖਿਆਲਾ, ਗੁਰਮੁੱਖ ਸਿੰਘ ਗੋਗੀ, ਅਮਰੀਕ ਖਾਨ, ਕੇਵਲ ਹੀਰੇਵਾਲਾ, ਹਾਕਮ ਸਿੰਘ ਜਵਾਹਰਕੇ, ਮੇਘਰਾਜ, ਕਾਲੂ ਰਾਮ, ਸਰਨਜੀਤ ਸਰਨੀ ਨੇ ਵੀ ਸੰਬੋਧਨ ਕੀਤਾ।