ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ/ਦੋਦਾ, 24 ਮਈ
ਪਿੰਡ ਗੋਨੇਆਣਾ ਵਿੱਚ ਪੁਲੀਸ ਅਤੇ ਆਬਕਾਰੀ ਵਿਭਾਗ ਵੱਲੋਂ ਕੀਤੀ ਸਾਂਝੀ ਛਾਪਾਮਾਰੀ ਦੌਰਾਨ ਇੱਕ ਮਿਨੀ ਡਿਸਟਿਲਰੀ ਫੜੀ ਗਈ ਹੈ ਜਿਥੇ ਮੌਕੇ ’ਤੇ ਹੀ ਸ਼ਰਾਬ ਬਣਾਕੇ ਦਿੱਤੀ ਜਾਂਦੀ ਸੀ ਅਤੇ ਆਰਡਰ ’ਤੇ ਸਪਲਾਈ ਵੀ ਕੀਤੀ ਜਾਂਦੀ ਹੈ। ਜਿਸ ਕਮਰੇ ਵਿੱਚ ਸ਼ਰਾਬ ਬਣਾਈ ਜਾਂਦੀ ਸੀ ਉਸ ਨੂੰ ਏਸੀ ਲਾ ਕੇ ਠੰਢਾ ਕੀਤਾ ਜਾਂਦਾ ਸੀ। ਸ਼ਰਾਬ ਬਣਾਉਣ ਵਾਸਤੇ ਭੱਠੀਆਂ ਵੀ ਲੱਗੀਆਂ ਸਨ ਤੇ ਵੱਡੀ ਮਾਤਰਾ ’ਚ ਕੱਚਾ ਮਾਲ ਵੀ। ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਕੀਤੀ ਜਾ ਰਹੀ ਇਸ ਛਾਪਾਮਾਰੀ ਸਬੰਧੀ ਜਾਣਕਾਰੀ ਦਿੰਦਿਆਂ ਐਸਪੀ (ਐਚ) ਕਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਪਿੰਡ ਗੋਨੇਆਣਾ ਦੇ ਜਰਨੈਲ ਸਿੰਘ ਉਰਫ ਜੱਜ ਅਤੇ ਬੂਟਾ ਸਿੰਘ ਆਪਣੇ ਘਰ ਵਿੱਚ ਦੇਸੀ ਸ਼ਰਾਬ ਬਣਾ ਕੇ ਵੇਚਣ ਦਾ ਧੰਦਾ ਕਰਦੇ ਸਨ। ਇਸ ਮਿਨੀ ਡਿਸਟਿਲਰੀ ਵਿੱਚੋਂ ਇਕ ਲੱਖ ਲੀਟਰ ਤੋਂ ਵੱਧ ਲਾਹਣ ਅਤੇ ਨਾਜਾਇਜ਼ ਸ਼ਰਾਬ ਦੀਆਂ 30 ਬੋਤਲਾਂ ਅਤੇ ਸ਼ਰਾਬ ਸਪਲਾਈ ਕਰਨ ਲਈ ਵਰਤੀਆਂ ਜਾਣ ਵਾਲੀਆਂ ਦੋ ਕਾਰਾਂ ਸਣੇ ਹੋਰ ਸਮੱਗਰੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਮੁਕਦਮਾ ਦਰਜ ਕਰਦਿਆਂ ਜਰਨੈਲ ਸਿੰਘ ਤੇ ਬੂਟਾ ਸਿੰਘ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਪਿੰਡ ਗੋਨੇਆਣਾ ਦੇ ਯੁਧਵੀਰ ਸਿੰਘ ਉਰਫ ਯੋਧਾ ਅਤੇ ਗੁਰਮੀਤ ਸਿੰਘ ਦੇ ਘਰਾਂ ਵਿੱਚ ਸਰਚ ਕਰਨ ਤੇ 1800 ਲੀਟਰ ਲਾਹਣ ਬ੍ਰਾਮਦ ਹੋਈ। ਇਸਦੇ ਨਾਲ ਹੀ ਮੁਕਤਸਰ ਸ਼ਹਿਰ ਦੇ ਆਦਰਸ਼ ਨਗਰ ਦੀ ਰਜਨੀ ਪਾਸੋਂ 5 ਗ੍ਰਾਮ ਹੈਰੋਇਨ ਅਤੇ ਰਵੀ ਉਰਫ ਬੁਲਟ ਪਾਸੋਂ 20 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕੀਤੀ। ਥਾਣਾ ਬਰੀਵਾਲਾ ਵਿਚ ਪਿੰਡ ਵੱਟੂ ਦੇ ਗੁਰਬਚਨ ਸਿੰਘ ਪਾਸੋਂ 200 ਲੀਟਰ ਲਾਹਣ ਕਾਬੂ ਕੀਤੀ ਗਈ।