ਮਹਿੰਦਰ ਸਿੰਘ ਰੱਤੀਆਂ
ਮੋਗਾ, 20 ਜੂਨ
ਡਿਊਟੀ ਸਮੇਂ ਕਰੰਟ ਲੱਗਣ ਕਾਰਨ ਅਪਾਹਜ ਹੋਇਆ ਕਾਮਾ ਪਿਛਲੇ 5 ਸਾਲ ਤੋਂ ਮੰਜੇ ਉੱਤੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਗਰੀਬੀ ਕਾਰਨ ਦੋ ਡੰਗ ਦੀ ਰੋਟੀ ਦੇ ਜੁਗਾੜ ਲਈ ਬਿਰਧ ਮਾਂ ਤੇ ਮਾਸੂਮ ਪੁੱਤਰ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਉਹ ਲੰਮੇ ਸਮੇਂ ਤੋਂ ਮੁਆਵਜ਼ਾ ਮੰਗ ਰਹੇ ਹਨ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ।
ਪਾਵਰਕੌਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਫ਼ਰੀਦਕੋਟ ਸਰਕਲ ਦੇ ਕਰੀਬ 300 ਕਾਮਿਆਂ ਨੇ ਆਊਟ ਸੋਰਸਿੰਗ ਸੀਐੱਚਬੀ ਤੇ ਡਬਲਿਊ ਕਾਮਿਆਂ ਨੂੰ ਰੈਗੂਲਰ ਕਰਨ, ਕਰੰਟ ਲੱਗਣ ਕਾਰਨ ਮੌਤ ਜਾਂ ਹਾਦਸਾਗ੍ਰਸਤ ਹੋਏ ਕਾਮਿਆਂ ਨੂੰ ਮੁਆਵਜ਼ਾ ਤੇ ਨੌਕਰੀ ਪ੍ਰਬੰਧਾਂ ਲਈ ਡਿਊਟੀ ਦਾ ਬਾਈਕਾਟ ਕਰਕੇ 5 ਸਾਲ ਤੋਂ ਮੰਜੇ ਉੱਤੇ ਪਏ ਸਾਥੀ ਕਾਮੇ ਲਖਵਿੰਦਰ ਸਿੰਘ ਪਿੰਡ ਚੜਿਕ ਦੇ ਹੱਕ ਵਿਚ ਸਥਾਨਕ ਸਕੱਤਰੇਤ ਅੰਦਰ ਡੀਸੀ ਦੀ ਗੱਡੀ ਅੱਗੇ ਬੈਠਕੇ ਪੱਕਾ ਮੋਰਚਾ ਲਗਾ ਦਿੱਤਾ ਹੈ। ਡਿਵੀਜ਼ਨ ਪ੍ਰਧਾਨ ਨਿਸਾਨ ਸਿੰਘ ਤੇ ਹੋਰਨਾਂ ਆਗੂਆਂ ਹਰਪ੍ਰੀਤ ਸਿੰਘ ਕੁਲਦੀਪ ਸਿੰਘ, ਰਾਜਵਿੰਦਰ ਸਿੰਘ ਨੇ ਆਖਿਆ ਕਿ ਠੇਕਾ ਕਾਮੇ ਬਿਜਲੀ ਮਹਿਕਮੇ ਦੇ ਠੇਕੇਦਾਰ ਦੇ ਅਧੀਨ ਸਕਿਲਡ ਲੇਬਰ ਰੇਟਾਂ ’ਤੇ ਕੰਮ ਕਰਨ ਵਾਲੇ ਵਰਕਰ ਹਨ ਜਿਹੜੇ ਖਤਰੇ ਭਰਪੂਰ ਜਾਨਲੇਵਾ ਹਾਲਤਾਂ ਵਿੱਚ ਕੰਮ ਕਰਨ ਲਈ ਮਜਬੂਰ ਹਨ। ਔਸਤਨ ਹਰ ਮਹੀਨੇ 3 ਕਾਮੇ ਕੰਮ ਦੌਰਾਨ ਕਰੰਟ ਲੱਗਣ ਨਾਲ ਮੌਤ ਦੇ ਮੂੰਹ ’ਚ ਜਾ ਪੈਂਦੇ ਹਨ ਅਤੇ ਔਸਤਨ 2 ਕਾਮੇ ਹਰ ਮਹੀਨੇ ਲੱਤਾਂ ਜਾਂ ਬਾਹਾਂ ਕੱਟਣ ਨਾਲ ਅਪਾਹਜ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਲਖਵਿੰਦਰ ਸਿੰਘ ਪਿੰਡ ਚੜਿੱਕ, ਬਸਤੀ ਹਰੀਪੁਰਾ ਸੰਗਰੂਰ ਦਾ ਠੇਕਾ ਕਾਮਾ ਲਵਪ੍ਰੀਤ ਸਿੰਘ ਅਤੇ ਹੋਰ ਵੀ ਬਹੁਤ ਸਾਰੇ ਅਨੇਕਾਂ ਹੀ ਕਾਮੇ 90 ਫ਼ੀਸਦੀ ਤੱਕ ਅਪਾਹਜ ਹੋ ਗਏ ਹਨ ਅਤੇ ਪਰਿਵਾਰ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਾਵਰਕਾਮ ਆਊਟਸੋਰਸਿੰਗ ਸੀਐੱਚਬੀ ਅਤੇ ਡਬਲਿਉ ਠੇਕਾ ਕੰਮ ਨਾਲ ਘਾਤਕ ਅਤੇ ਗੈਰ ਘਾਤਕ ਹਾਦਸੇ ਵਾਪਰ ਰਹੇ ਹਨ। ਪਾਵਰਕੌਮ ਮੈਨੇਜਮੈਂਟ ਅਧਿਕਾਰੀਆਂ ਵੱਲੋਂ ਸਰਕਾਰ ਅਤੇ ਕੰਪਨੀਆਂ ਤੋਂ ਮਿਲਣ ਯੋਗ ਕੋਈ ਵੀ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਅਤੇ ਇਕ ਦਿਨ ਦੀ ਛੁੱਟੀ ਦੇ 1 600 ਤੋਂ ਲੈ ਕੇ 2000 ਰੁਪਏ ਤੱਕ ਕਰਨ ਵਾਸਤੇ ਤਨਖਾਹ ਕਟੌਤੀ ਕੀਤੀ ਜਾ ਰਹੀ ਹੈ। ਉਨ੍ਹਾਂ ਆਊਟ ਸੋਰਸਿੰਗ ਸੀਐੱਚਬੀ ਤੇ ਡਬਲਿਊ ਕਾਮਿਆਂ ਨੂੰ ਰੈਗੂਲਰ ਕਰਨ, ਕਰੰਟ ਲੱਗਣ ਕਾਰਨ ਹਾਦਸਾਗ੍ਰਸਤ ਹੋਏ ਕਾਮਿਆਂ ਨੂੰ ਮੁਆਵਜ਼ਾ ਤੇ ਨੌਕਰੀ ਦਾ ਪ੍ਰਬੰਧ ਕਰਨ ਦੀ ਮੰਗ ਕਰਦੇ ਮੁੱਖ ਮੰਤਰੀ ਨੂੰ ਚੋਣਾਂ ਤੋਂ ਪਹਿਲਾਂ ਕੀਤਾ ਵਾਅਦਾ ਚੇਤੇ ਕਰਵਾਇਆ।