ਮਲਕੀਤ ਸਿੰਘ ਟੋਨੀ
ਜਲਾਲਾਬਾਦ, 29 ਜੂਨ
ਡੇਢ ਮਹੀਨਾ ਪਹਿਲਾਂ ਪਿੰਡ ਕਬਰ ਵਾਲਾ ਦੀ ਨਾਬਾਲਗ ਲੜਕੀ ਨਾਲ ਹੋਏ ਜਬਰ-ਜਨਾਹ ਦੀ ਸਜ਼ਾ ਮੁਲਜ਼ਮ ਨੂੰ ਮਿਲਣ ਦੀ ਬਜਾਏ ਖੁਦ ਨਾਬਾਲਗ ਲੜਕੀ ਅਤੇ ਉਸ ਦਾ ਪਰਿਵਾਰ ਭੁਗਤ ਰਿਹਾ ਹੈ। ਪਰਚਾ ਦਰਜ ਹੋਣ ਦੇ ਬਾਵਜੂਦ ਪੁਲੀਸ ਅਜੇ ਤੱਕ ਮੁਲਜ਼ਮ ਨੂੰ ਫੜਨ ਵਿੱਚ ਨਾਕਾਮ ਰਹੀ ਹੈ।
ਜਲਾਲਾਬਾਦ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਪੀੜਤ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 16 ਮਈ ਨੂੰ ਉਨ੍ਹਾਂ ਦੀ ਲੜਕੀ ਨੂੰ ਬੁਖਾਰ ਹੋਣ ‘ਤੇ ਉਹ ਉਸ ਦੀ ਦਵਾਈ ਲੈਣ ਲਈ ਪਿੰਡ ਚੱਕ ਵੈਰੋ ਕਾ ਵਿੱਚ ਡਾਕਟਰ ਕੁਲਵੰਤ ਕੋਲ ਗਏ ਸਨ। ਡਾਕਟਰ ਨੇ ਪਹਿਲਾਂ ਤਾਂ ਲੜਕੀ ਨੂੰ ਨਸ਼ੀਲੀ ਦਵਾਈ ਪਿਲਾ ਦਿੱਤੀ ਅਤੇ ਬਾਅਦ ਵਿੱਚ ਚੈਕਅੱਪ ਕਰਨ ਦੇ ਬਹਾਨੇ ਕਮਰੇ ਵਿੱਚ ਲੈ ਗਿਆ, ਜਿੱਥੇ ਉਸ ਨੇ ਲੜਕੀ ਨਾਲ ਕਥਿਤ ਬਲਾਤਕਾਰ ਕੀਤਾ। ਜਦੋਂ ਘਰ ਆ ਕੇ ਲੜਕੀ ਨੇ ਆਪਣੀ ਮਾਂ ਨੂੰ ਇਸ ਘਟਨਾ ਬਾਰੇ ਦੱਸਿਆ ਤਾਂ ਥਾਣਾ ਵੈਰੋ ਕਾ ਵਿੱਚ ਸ਼ਿਕਾਇਤ ਕੀਤੀ ਗਈ। ਵੈਰੋ ਕਾ ਪੁਲੀਸ ਨੇ 18 ਮਈ ਨੂੰ ਕੁਲਵੰਤ ਸਿੰਘ ਵਿਰੁੱਧ ਮਾਮਲਾ ਦਰਜ ਕੀਤਾ।
ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਡੇਢ ਮਹੀਨੇ ਤੋਂ ਡਾਕਟਰ ਭੱਜਿਆ ਹੋਇਆ ਹੈ ਅਤੇ ਪੁਲੀਸ ਉਸਨੂੰ ਫੜਨ ਵਿੱਚ ਕੋਈ ਖਾਸ ਦਿਲਚਸਪੀ ਨਹੀਂ ਲੈ ਰਹੀ। ਪੀੜਤ ਪਰਿਵਾਰ ਨੇ ਇਹ ਵੀ ਦੋਸ਼ ਲਗਾਇਆ ਕਿ ਮੁਲਜ਼ਮ ਵੱਲੋਂ ਉਨ੍ਹਾਂ ਨੂੰ ਰਾਜ਼ੀਨਾਮਾ ਕਰਨ ਲਈ ਲਗਾਤਾਰ ਧਮਕੀਆਂ ਅਤੇ ਲਾਲਚ ਦਿੱਤੇ ਜਾ ਰਹੇ ਹਨ। ਉਨ੍ਹਾਂ ਪੁਲੀਸ ਦੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਡਾਕਟਰ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਕੀਤਾ ਜਾਵੇ।
ਮੁਲਜ਼ਮ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ: ਥਾਣਾ ਮੁਖੀ
ਥਾਣਾ ਵੈਰੋ ਕਾ ਦੇ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਦੋ ਦਿਨ ਪਹਿਲਾਂ ਹੀ ਥਾਣੇ ਦਾ ਚਾਰਜ ਸੰਭਾਲਿਆ ਹੈ ਅਤੇ ਉਕਤ ਕੇਸ ਦੀ ਸਟੱਡੀ ਕਰ ਲਈ ਹੈ, ਜਲਦੀ ਹੀ ਮੁਲਜ਼ਮ ਨੂੰ ਫੜ ਲਿਆ ਜਾਵੇਗਾ।