ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 11 ਅਗਸਤ
ਨਿਹਾਲ ਸਿੰਘ ਵਾਲਾ ਦੇ ਪਿੰਡ ਰੌਂਤਾ ਦਾ ਛੱਪੜ (ਵੱਡੀ ਢਾਬ) ਨੱਕੋ ਨੱਕ ਪਾਣੀ ਨਾਲ ਭਰਿਆ ਹੋਇਆ ਹੈ। ਸੀਵਰੇਜ ਦੇ ਪਾਣੀ ਅਤੇ ਗੰਦਗੀ ਨਾਲ ਭਰਿਆ ਛੱਪੜ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਇਹ ਦੂਸ਼ਿਤ ਪਾਣੀ ਘਰਾਂ ਵਿੱਚ ਦਾਖਲ ਹੋ ਕੇ ਹੋਰ ਸਮੱਸਿਆਵਾਂ ਵੀ ਖੜ੍ਹੀਆਂ ਕਰ ਸਕਦਾ ਹੈ।
ਪਿੰਡ ਦੇ ਪਤਵੰਤਿਆਂ ਕਿਹਰ ਸਿੰਘ ਸਾਬਕਾ ਸਰਪੰਚ, ਬਲਦੇਵ ਸਿੰਘ ਬਿਜਲੀ ਵਾਲਾ, ਗੁਰਾ ਸਿੰਘ ਮੱਲ੍ਹੀ, ਤਰਸੇਮ ਲਾਲ, ਰਣਜੀਤ ਸਿੰਘ, ਬਲਜੀਤ ਸਿੰਘ ਤੇ ਜੱਸੀ ਰੱਲੜ੍ਹ ਆਦਿ ਨੇ ਦੱਸਿਆ ਕਿ ਪਿਛਲੇ ਤਿੰਨ ਚਾਰ ਮਹੀਨਿਆਂ ਤੋਂ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਛੱਪੜ ਦਾ ਪਾਣੀ ਭਰ ਕੇ ਕਿਨਾਰਿਆਂ ਤੱਕ ਆ ਗਿਆ ਹੈ। ਜੋ ਕਿ ਹਲਕੀ ਜਿਹੀ ਬਾਰਿਸ਼ ਨਾਲ ਹੀ ਘਰਾਂ ਵਿੱਚ ਦਾਖਲ ਹੋ ਜਾਵੇਗਾ। ਗੰਦਗੀ ਨਾਲ ਭਰੇ ਹੋਏ ਪਾਣੀ ਵਿੱਚੋਂ ਬਦਬੂ ਮਾਰਦੀ ਹੈ ਅਤੇ ਬਿਮਾਰੀਆਂ ਦਾ ਘਰ ਬਣਿਆ ਹੋਇਆ ਹੈ। ਨੇੜਲੇ ਘਰਾਂ ਵਿੱਚ ਕੈਂਸਰ ਵਰਗੀਆਂ ਬਿਮਾਰੀਆਂ ਵੀ ਦਸਤਕ ਦੇ ਚੁੱਕੀਆਂ ਹਨ।
ਛੱਪੜ ਵਿੱਚੋਂ ਸੱਪ ਆਦਿ ਜ਼ਹਿਰੀਲੇ ਜੀਵ ਜੰਤੂ ਵੀ ਘਰਾਂ ਵਿੱਚ ਦਾਖਲ ਹੋ ਰਹੇ ਹਨ। ਛੱਪੜ ਦੀ ਚਾਰ ਦਿਵਾਰੀ ਟੁੱਟ ਚੁੱਕੀ ਹੈ ਅਤੇ ਆਸੇ ਪਾਸੇ ਗੰਦਗੀ ਦੇ ਢੇਰ ਲੱਗੇ ਹੋਏ ਹਨ। ਲੋਕਾਂ ਨੇ ਨਾਜਾਇਜ਼ ਕਬਜ਼ੇ ਵੀ ਕੀਤੇ ਹੋਏ ਹਨ।
ਪਿੰਡ ਵਾਸੀਆਂ ਦੀ ਮੰਗ ਹੈ ਕਿ ਛੱਪੜ ਦਾ ਪਾਣੀ ਕਢਵਾ ਕੇ ਵਾਟਰ ਟਰੀਟਮੈਂਟ ਪ੍ਰਾਜੇਕਟ ਲਗਾਇਆ ਜਾਵੇ ਅਤੇ ਸੁੰਦਰ ਝੀਲ ਤੇ ਪਾਰਕ ਵਗੈਰਾ ਬਣਾਈ ਜਾਵੇ। ਵਿਰਾਸਤੀ ਪੁਰਾਣਾ ਛੱਪੜ ਸਾਂਭਿਆ ਜਾ ਸਕੇ। ਬੀਡੀਪੀਓ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਹੈ। ਬੀਡੀਪੀਓ ਨਿਹਾਲ ਸਿੰਘ ਵਾਲਾ ਰੁਪਿੰਦਰ ਜੀਤ ਕੌਰ ਨੇ ਦੱਸਿਆ ਕਿ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਸਰਪੰਚ ਬਲਰਾਮ ਸਿੰਘ ਨੇ ਕਿਹਾ ਕਿ ਛੱਪੜ ਦਾ ਪਾਣੀ ਕਢਵਾ ਰਹੇ ਹਾਂ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਹੁਣ ਤੱਕ ਛੱਪੜ ਲਈ ਇੱਕ ਰੁਪਏ ਦੀ ਵੀ ਗ੍ਰਾਂਟ ਨਹੀਂ ਆਈ।
ਇਸ ਮੌਕੇ ਗੁਰਚਰਨ ਸਿੰਘ ਸਾਬਕਾ ਪੰਚ, ਮੇਜਰ ਸਿੰਘ ਰਾਏ, ਰਾਜੇਸ਼ ਕੁਮਾਰ, ਪਰਵੇਜ਼ ਪਾਲ ਰਮੇਸ਼ ਕੁਮਾਰ ਆਦਿ ਵੀ ਹਾਜ਼ਰ ਸਨ।