ਮਹਿੰਦਰ ਸਿੰਘ ਰੱਤੀਆਂ
ਮੋਗਾ, 10 ਅਪਰੈਲ
ਸੂਬੇ ’ਚ ਸਰਕਾਰਾਂ ਬਦਲੀਆਂ ਪਰ ਹਾਲਾਤ ਹਾਲੇ ਤੱਕ ਨਹੀਂ ਬਦਲੇ। ਸਾਬਕਾ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਦੇ ਪਿੰਡ ਚੂਹੜਚੱਕ ਵਾਸੀਆਂ ਨੇ ਪਿੰਡ ਨੂੰ ਨਸ਼ਾ ਮੁਕਤ ਬਣਾਉਣ ਦਾ ਬੀੜਾ ਚੁੱਕਿਆ ਹੈ। ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਨਸ਼ਿਆਂ ਖ਼ਿਲਾਫ਼ ਇੱਕਜੁੱਟ ਲੋਕ ਲਗਾਤਾਰ 9 ਮਹੀਨੇ ਤੋਂ ਪੱਕਾ ਪਹਿਰਾ ਲਗਾਕੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਡਟੇ ਹੋਏ ਹਨ। ਪਿੰਡ ਵਾਸੀ ਰੇਸਮ ਸਿੰਘ, ਬਲਵੀਰ ਸਿੰਘ, ਹਰਬੰਸ ਸਿੰਘ, ਪਰਮਜੋਤ ਸਿੰਘ, ਇਕਬਾਲ ਸਿੰਘ ਤੇ ਮਹਿੰਦਰ ਸਿੰਘ ਨੇ ਕਿਹਾ ਕਿ ਗਦਰੀ ਬਾਬਿਆਂ,ਖਿਡਾਰੀਆਂ ਅਤੇ ਸਾਬਕਾ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਦੇ ਪਿੰਡ ਵਾਸੀ 9 ਮਹੀਨੇ ਤੋਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਨਸ਼ਿਆਂ ਖ਼ਿਲਾਫ਼ ਪੱਕਾ ਪਹਿਰਾ ਲਗਾਇਆ ਜਾਦਾਂ ਹੈ। ਉਨ੍ਹਾਂ ਪਿੰਡ ਨੂੰ ਨਸ਼ਾ ਮੁਕਤ ਬਣਾਉਣ ਦਾ ਤਹੱਈਆ ਕੀਤਾ ਹੋਇਆ ਹੈ ਪਰ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਨਹੀਂ ਮਿਲ ਰਿਹਾ। ਕੁਝ ਲੋਕ ਧੰਦਾ ਕਰ ਰਹੇ ਹਨ, ਜਿਸ ਦਾ ਨੌਜਵਾਨ ਪੀੜ੍ਹੀ ’ਤੇ ਮਾੜਾ ਅਸਰ ਪੈ ਰਿਹਾ ਹੈ। ਪੁਲੀਸ ਪਿੰਡ ’ਚ ਛਾਪਾ ਮਾਰਦੀ ਹੈ ਪਰ ਖਾਲੀ ਹੱਥ ਮੁੜ ਜਾਂਦੀ ਹੈ। ਉਨ੍ਹਾਂ ਪਿੰਡ ਦੇ ਹਾਲਾਤ ਬਾਰੇ ਪ੍ਰਸ਼ਾਸਨ ਨੂੰ ਜਾਣੂ ਕਰਾਉਣ ਦੀ ਕੋਸ਼ਿਸ਼ ਵੀ ਕੀਤੀ। ਤਤਕਾਲੀ ਹਕੂਮਤ ਕਾਂਗਰਸ ਸਰਕਾਰ ਡਰੱਗ ਮਾਫ਼ੀਆ ਦੇ ਖ਼ਾਤਮੇ ਦਾ ਵਾਅਦਾ ਕਰਕੇ ਆਈ ਸੀ ਪਰ ਮਾਫ਼ੀਆ ਸਾਹਮਣੇ ਹਾਰ ਗਈ। ਭਾਵੇਂ ਪੰਜਾਬ ਵਿੱਚ ਸਰਕਾਰ ਬਦਲ ਗਈ ਹੈ ਪਰ ਨਸ਼ਿਆਂ ਦਾ ਕਾਰੋਬਾਰ ਉਸੇ ਤਰ੍ਹਾਂ ਚੱਲ ਰਿਹਾ ਹੈ। ਆਪ ਸਰਕਾਰ ਦੇ ਕਰੀਬ ਇੱਕ ਮਹੀਨੇ ਦੇ ਕਾਰਜਕਾਲ ਵਿੱਚ ਵੀ ਹੁਣ ਤੱਕ ਕਿਸੇ ਵੱਡੇ ਨਸ਼ਾ ਤਸਕਰ ਨੂੰ ਹੱਥ ਨਹੀਂ ਪਾਇਆ ਅਤੇ ਨਸ਼ਿਆਂ ਦੇ ਖਾਤਮੇ ਲਈ ਕੋਈ ਪੁਖਤਾ ਨੀਤੀ ਵੀ ਨਹੀਂ ਉਲੀਕੀ ਜਾ ਸਕੀ।
ਥਾਣਾ ਅਜੀਤਵਾਲ ਮੁਖੀ ਅਮਨਦੀਪ ਕੰਬੋਜ ਨੇ ਕਿਹਾ ਕਿ ਉਹ 15 ਦਿਨ ਪਹਿਲਾਂ ਹੀ ਇਥੇ ਆਏ ਹਨ। ਨਸ਼ਿਆਂ ਖ਼ਿਲਾਫ਼ ਪੁਲੀਸ ਪੂਰੀ ਤਰ੍ਹਾਂ ਚੌਕਸ ਹੈ। ਪਿੰਡ ਵਾਸੀਆਂ ਵੱਲੋਂ ਜਿਨ੍ਹਾਂ ਲੋਕਾਂ ਉੱਤੇ ਸ਼ੱਕ ਕੀਤਾ ਜਾਦਾਂ ਹੈ ਉਨ੍ਹਾਂ ਉੱਤੇ ਪੂਰੀ ਨਜ਼ਰ ਹੈ ਅਤੇ ਕੁਝ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਸ਼ਾ ਜਾਂ ਸਮਾਜ ਵਿਰੋਧੀ ਕਿਸੇ ਵੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ।