ਅਵਤਾਰ ਸਿੰਘ ਧਾਲੀਵਾਲ
ਭਾਈਰੂਪਾ, 26 ਨਵੰਬਰ
ਸਰਕਾਰੀ ਪ੍ਰਾਇਮਰੀ ਸਕੂਲ ਫੂਲੇਵਾਲਾ ਵਿੱਚ ਅਧਿਆਪਕਾਂ ਦੀ ਘਾਟ ਨੂੰ ਮੁੱਖ ਰੱਖਦਿਆਂ ਗ੍ਰਾਮ ਪੰਚਾਇਤ, ਸਕੂਲ ਮੈਨੇਜਮੈਂਟ ਕਮੇਟੀ, ਪਿੰਡ ਦੀਆਂ ਵੱਖ-ਵੱਖ ਜਨਤਕ ਜਥੇਬੰਦੀਆਂ, ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਪਿੰਡ ਵਾਸੀਆਂ ਵੱਲੋਂ ਸਕੂਲ ਨੂੰ ਜਿੰਦਰਾ ਲਗਾ ਕਿ ਧਰਨਾ ਦਿੱਤਾ ਗਿਆ। ਇਸ ਮੌਕੇ ਬੀਕੇਯੂ ਡਕੌਂਦਾ ਦੇ ਜ਼ਿਲਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਫੂਲੇਵਾਲਾ, ਮਜ਼ਦੂਰ ਆਗੂ ਦਰਬਾਰਾ ਸਿੰਘ ਫੂਲੇਵਾਲਾ, ਦਰਸ਼ਨ ਸਿੰਘ ਪ੍ਰਧਾਨ ਅਜ਼ਾਦ ਕਲੱਬ ਨੇ ਕਿਹਾ ਕਿ ਸਕੂਲ ਵਿੱਚ ਅਧਿਆਪਕਾਂ ਦੀਆਂ 5 ਅਸਾਮੀਆਂ ਹਨ, ਜਿਨ੍ਹਾਂ ਵਿੱਚੋਂ ਚਾਰ ਖਾਲੀ ਹਨ ਅਤੇ ਸਕੂਲ ਵਿੱਚ ਇੱਕ ਹੀ ਅਧਿਆਪਕ 130 ਵਿਦਿਆਰਥੀਆਂ ਨੂੰ ਪੜ੍ਹਾ ਰਿਹਾ ਹੈ ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਕਈ ਵਾਰ ਸਬੰਧਤ ਮਹਿਕਮੇ ਤੋਂ ਸਕੂਲ ਵਿੱਚ ਅਧਿਆਪਕ ਭੇਜਣ ਦੀ ਮੰਗ ਕੀਤੀ ਗਈ ਪਰ ਕੋਈ ਹੱਲ ਨਹੀਂ ਹੋਇਆ। ਅੱਜ ਅੱਕੇ ਹੋਏ ਪਿੰਡ ਵਾਸੀਆਂ ਵੱਲੋਂ ਸਕੂਲ ਨੂੰ ਜਿੰਦਰਾ ਲਗਾ ਕਿ ਧਰਨਾ ਦੇਣਾ ਪਿਆ। ਸਕੂਲ ਨੂੰ ਜਿੰਦਰਾ ਲਗਾਉਣ ਬਾਰੇ ਪਤਾ ਚੱਲਦਿਆਂ ਹੀ ਬੀਪੀਈਓ ਭਰਪੂਰ ਸਿੰਘ ਮੌਕੇ ’ਤੇ ਪੁੱਜੇ ਉਨ੍ਹਾਂ ਪਿੰਡ ਵਾਸੀਆਂ ਨੂੰ ਵਿਸ਼ਵਾਸ ਦੁਆਇਆ ਕਿ ਜਲਦੀ ਹੀ ਦੋ ਹੋਰ ਅਧਿਆਪਕ ਫੂਲੇਵਾਲਾ ਸਕੂਲ ਵਿੱਚ ਭੇਜ ਦਿੱਤੇ ਜਾਣਗੇ। ਇਸ ਭਰੋਸੇ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ। ਇਸ ਮੌਕੇ ਗੁਰਨੈਬ ਸਿੰਘ ਪੰਚ, ਗੁਰਜੰਟ ਸਿੰਘ, ਹੰਸਾ ਸਿੰਘ, ਜਗਸੀਰ ਸਿੰਘ, ਸਤਪਾਲ ਸਿੰਘ, ਚਮਕੌਰ ਪੰਚ, ਜਗਜੀਤ ਸਿੰਘ ਬਾਬਾ ਭੋਲਾ, ਜਸਪਾਲ ਕੌਰ, ਜਸਵਿੰਦਰ ਕੌਰ ਮਨਪ੍ਰੀਤ ਕੌਰ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
ਆਦਰਸ਼ ਸਕੂਲ ਹਰਦਾਸਾ ਦੇ ਅਧਿਆਪਕਾਂ ਨੇ ਐੱਸਡੀਐੱਮ ਨੂੰ ਦਿੱਤਾ ਮੰਗ ਪੱਤਰ
ਜ਼ੀਰਾ (ਪੱਤਰ ਪ੍ਰੇਰਕ): ਤਨਖਾਹਾਂ ਨਾ ਮਿਲਣ ਅਤੇ ਘੱਟ ਤਨਖ਼ਾਹਾਂ ਹੋਣ ਕਰਕੇ ਆਦਰਸ਼ ਸਕੂਲ ਹਰਦਾਸਾ ਦੇ ਅਧਿਆਪਕਾਂ ਨੇ ਐੱਸਡੀਐੱਮ ਜ਼ੀਰਾ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਆਦਰਸ਼ ਸਕੂਲ ਹਰਦਾਸਾ ਦੇ ਅਧਿਆਪਕਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਬਹੁਤ ਹੀ ਘੱਟ ਤਨਖਾਹਾਂ ’ਤੇ 1700 ਬੱਚਿਆਂ ਨੂੰ ਪੜ੍ਹਾ ਰਹੇ ਹਨ, ਜਦਕਿ ਉਨ੍ਹਾਂ ਦਾ ਕੋਈ ਵੀ ਇੰਕਰੀਮੈਂਟ ਨਹੀਂ ਲੱਗ ਰਿਹਾ। ਅਧਿਆਪਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਮੇਂ ਸਿਰ ਤਨਖਾਹ ਵੀ ਨਹੀਂ ਮਿਲਦੀ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀਆਂ ਤਨਖਾਹਾਂ ਵਿੱਚ ਵਾਧਾ ਕਰਕੇ ਸਮੇਂ ਸਿਰ ਤਨਖਾਹ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆ ਜਾਂਦੀਆਂ ਉਹ ਕਲਮਛੋੜ ਹੜਤਾਲ ਕਰਨਗੇ। ਇਸ ਮੌਕੇ ਗੁਰਿੰਦਰ ਸਿੰਘ, ਸੁਖਦੀਪ ਕੌਰ, ਕਰਮਜੀਤ ਕੌਰ, ਲਾਲਜੀਤ ਕੌਰ, ਦੀਪਿਕਾ ਕੁਮਾਰੀ, ਪਵਨ ਕੁਮਾਰ, ਮਮਤਾ ਮੈਡਮ, ਸਵਰਨ ਕੌਰ, ਅਰਵਿੰਦਰ ਕੌਰ, ਰੁਪਿੰਦਰ ਕੌਰ, ਹਰਜੀਤ ਕੌਰ, ਮਨਪ੍ਰੀਤ ਕੌਰ ਗਗੜਾ, ਪਰਮਜੀਤ ਕੌਰ ਜਸਬੀਰ ਕੌਰ, ਰਾਜਵੰਤ ਕੌਰ, ਹਰਸਿਮਰਨ ਸਿੰਘ ਡੀਪੀ ਆਦਿ ਹਾਜ਼ਰ ਸਨ।