ਮਹਿੰਦਰ ਸਿੰਘ ਰੱਤੀਆਂ
ਮੋਗਾ, 9 ਸਤੰਬਰ
ਰਾਖਵਾਂ ਹਲਕੇ ਨਿਹਾਲ ਸਿੰਘ ਵਾਲਾ ਵਿੱਚ ‘ਆਪ’ ਦੇ ਕਾਨੂੰਨੀ ਸੈੱਲ ਦੇ ਸੂਬਾਈ ਪ੍ਰਧਾਨ ਜਸਟਿਸ ਜ਼ੋਰਾ ਸਿੰਘ ਵੱਲੋਂ ਵਿੱਢੀਆਂ ਸਿਆਸੀ ਫੇਰੀਆਂ ਨੇ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੂੰ ਫ਼ਿਕਰਾਂ ’ਚ ਪਾ ਦਿੱਤਾ ਹੈ। ਸੇਵਾਮੁਕਤ ਜਸਟਿਸ ਜ਼ੋਰਾ ਸਿੰਘ ਨੇ ਕਿਹਾ ਕਿ ਉਹ ਪਾਰਟੀ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ’ਚ ‘ਆਪ’ ਸਰਕਾਰ ਬਣਨ ’ਤੇ ਅਰਾਜਕਤਾ-ਭ੍ਰਿਸ਼ਟਾਚਾਰ ਦਾ ਹੋਵੇਗਾ ਖ਼ਾਤਮਾ ਤੈਅ ਹੈ। ਉਨ੍ਹਾਂ ਕਿਹਾ ਕਿ ‘ਆਪ’ ਅਜਿਹੀ ਪਾਰਟੀ ਹੈ, ਜੋ ਲੋਕਾਂ ਤੇ ਸੂਬੇ ਦੇ ਹਿੱਤਾਂ ਦੀ ਗੱਲ ਕਰਦੀ ਹੈ, ਜਦਕਿ ਰਵਾਇਤੀ ਪਾਰਟੀਆਂ ਨੇ ਆਪਣੇ ਰਾਜ ਦੌਰਾਨ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ। ਉਨ੍ਹਾ ਕਿਹਾ ਕਿ ਦੋਵਾਂ ਪਾਰਟੀਆਂ ਅੰਦਰੂਨੀ ਤੇ ਬਾਹਰੀ ਕਾਟੋ-ਕਲੇਸ਼ ’ਚ ਉਲਝੀਆਂ ਪਈਆਂ ਹਨ ਉਨ੍ਹਾਂ ਤੋਂ ਭਲੇ ਦੀ ਆਸ ਨਹੀਂ ਹੋ ਸਕਦੀ। ਜਾਣਕਾਰੀ ਅਨੁਸਾਰ ਤਤਕਾਲੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਸਰਕਾਰ ਵੱਲੋਂ ਜਸਟਿਸ ਜ਼ੋਰਾ ਸਿੰਘ ਨੂੰ ਬੇਅਦਬੀ ਅਤੇ ਬਹਬਿਲ ਕਾਂਡ ਦੀ ਜਾਂਚ ਲਈ ਕਮਿਸ਼ਨ ਨਿਯੁਕਤ ਕੀਤਾ ਗਿਆ ਸੀ। ਉਹ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਚੱਲਦੀ ਦਿੱਲੀ ਸਰਕਾਰ ਦੀਆਂ ਪ੍ਰਾਪਤੀਆਂ ਨਾਲ ਸੂਬੇ ਅੰਦਰ ਮਹਿੰਗੀ ਬਿਜਲੀ ਦੇ ਮੁੱਦੇ ਅਤੇ ਹੋਰ ਸਹੂਲਤਾਂ ਦਾ ਪ੍ਰਚਾਰ ਕਰਕੇ ਵਰਕਰਾਂ ਨੂੰ ਜੋੜ ਰਹੇ ਹਨ। ਪੰਜਾਬ ਦੀ ਸਿਆਸੀ ਫ਼ਿਜ਼ਾ ਨਾਲ ਵਧੀ ਉਤਸੁਕਤਾ ਤੋਂ ਉਨ੍ਹਾਂ ਦੇ ਨਿਹਾਲ ਸਿੰਘ ਵਾਲਾ ਤੋਂ ਪਾਰੀ ਲਈ ਕਮਰਕੱਸੀ ਦੇ ਚਰਚੇ ਹਨ। ਉਨ੍ਹਾਂ ਦੀਆਂ ਲਗਾਤਾਰ ਇਸ ਹਲਕੇ ਵਿੱਚ ਸਿਆਸੀ ਫੇਰੀਆਂ ਜਿੱਥੇ ’ਆਪ’ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੀਆਂ ਚਿੰਤਾਵਾਂ ਵਧਾ ਰਹੀਆਂ ਹਨ, ਉੱਥੇ ਹੀ ਹਲਕੇ ਦੇ ਵਰਕਰ ਵੀ ਦੁਚਿੱਤੀ ਵਿੱਚ ਹਨ। ਇਹ ਹਲਕਾ ਖੱਬੇ ਪੱਖੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ। ਜ਼ਿਆਦਾਤਰ ਇਸ ਹਲਕੇ ਉੱਤੇ ਸੀਪੀਆਈ ਤੇ ਸ਼੍ਰੋਮਣੀ ਅਕਾਲੀ ਦਲ ਦਾ ਸਿਆਸੀ ਕਬਜ਼ਾ ਰਿਹਾ ਹੈ। ਸਾਲ 2017 ਵਿੱਚ ਮਨਜੀਤ ਸਿੰਘ ਬਿਲਾਸਪੁਰ ਨੇ ਇਹ ਸੀਟ ’ਆਪ’ ਦੀ ਝੋਲੀ ਪਾਈ ਸੀ।
ਮਹਿਲ ਕਲਾਂ ਤੋਂ ਯੋਗ ਵਿਅਕਤੀ ਨੂੰ ਟਿਕਟ ਦੇਣ ਦੀ ਮੰਗ
ਮਹਿਲ ਕਲਾਂ (ਨਵਕਿਰਨ ਸਿੰਘ): ਵਿਧਾਨ ਸਭਾ ਹਲਕਾ ਮਹਿਲ ਕਲਾਂ ’ਚ ਕਾਂਗਰਸ ਪਾਰਟੀ ਦੀ ਧੜੇਬੰਦੀ ਦਿਨੋਂ ਦਿਨ ਵਧ ਰਹੀ ਹੈ। ਟਕਸਾਲੀ ਕਾਂਗਰਸੀ ਆਗੂਆਂ ਨੇ ਮੰਗ ਕੀਤੀ ਕਿ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਦੀ ਥਾਂ ਕਿਸੇ ਹੋਰ ਯੋਗ ਵਿਅਕਤੀ ਨੂੰ ਟਿਕਟ ਦਿੱਤੀ ਜਾਵੇ। ਇਸੇ ਮੰਗ ਨੂੰ ਲੈ ਕੇ ਹਲਕੇ ਵਿੱਚ ਕੁਝ ਹੀ ਦਿਨਾਂ ਦੇ ਵਕਫੇ ਮਗਰੋਂ ਅੱਜ ਦੂਜੀ ਵਾਰ ਇਕੱਤਰਤਾ ਹੋਈ ਹੈ। ਕਾਂਗਰਸੀ ਆਗੂ ਮਹੰਤ ਗੁਰਮੀਤ ਸਿੰਘ ਠੀਕਰੀਵਾਲ, ਮਾਰਕੀਟ ਕਮੇਟੀ ਚੇਅਰਮੈਨ ਜਸਵੰਤ ਸਿੰਘ ਜੌਹਲ, ਸਾਬਕਾ ਸਰਪੰਚ ਪਰਗਟ ਸਿੰਘ, ਬਲਾਕ ਪ੍ਰਧਾਨ ਤੇਜਪਾਲ ਸੱਦੋਵਾਲ, ਸਾਬਕਾ ਬਲਾਕ ਪ੍ਰਧਾਨ ਨਿਰਭੈ ਸਿੰਘ ਛੀਨੀਵਾਲ, ਸਰਪੰਚ ਰਣਧੀਰ ਸਿੰਘ ਦੀਵਾਨਾ ਤੇ ਹੋਰਨਾਂ ਨੇ ਕਿਹਾ ਕਿ ਟਕਸਾਲੀ ਆਗੂਆਂ ਦੀ ਕੋਈ ਪੁੱਛ-ਪ੍ਰਤੀਤ ਨਹੀਂ ਹੈ ਅਤੇ ਉਨ੍ਹਾਂ ਦੇ ਕੰਮ ਬੇਲੋੜੀ ਦਖ਼ਲਅੰਦਾਜ਼ੀ ਕਰਕੇ ਰੋਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕੇ ਨਾਲ ਸਬੰਧਤ ਕਿਸੇ ਚੰਗੀ ਸਖ਼ਸ਼ੀਅਤ ਨੂੰ ਟਿਕਟ ਦੇਣੀ ਚਾਹੀਦੀ ਹੈ।