ਨਵਕਿਰਨ ਸਿੰਘ
ਮਹਿਲ ਕਲਾਂ, 1 ਅਕਤੂਬਰ
ਸਹੁਰੇ ਪਰਿਵਾਰ ਵੱਲੋਂ ਬਣਦਾ ਹੱਕ ਨਾ ਮਿਲਣ ਤੋਂ ਅੱਕੀ ਇੱਕ ਵਿਧਵਾ ਔਰਤ ਆਪਣੇ ਬੱਚੇ ਸਮੇਤ ਜ਼ਹਿਰੀਲੀ ਦਵਾਈ ਵਾਲੀ ਸ਼ੀਸ਼ੀ ਲੈ ਕੇ ਆਪਣੇ ਪੇਕੇ ਪਿੰਡ ਨੰਗਲ ਦੇ ਵਾਟਰ ਵਰਕਸ ਦੀ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਈ। ਇਸ ਮੌਕੇ ਲੜਕੀ ਤੇ ਬੱਚਿਆਂ ਨੇ ਇਨਸਾਫ ਦੀ ਮੰਗ ਕੀਤੀ। ਪੀੜਤਾ ਨੂੰ ਇਨਸਾਫ਼ ਦਿਵਾਉਣ ਲਈ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਲੜਕੀ ਦੇ ਪਰਿਵਾਰ ਤੇ ਪਿੰਡ ਵਾਸੀਆਂ ਨਾਲ ਪਾਣੀ ਵਾਲੀ ਟੈਂਕੀ ਨਜ਼ਦੀਕ ਧਰਨਾ ਲਗਾ ਦਿੱਤਾ ਗਿਆ। ਪੀੜਤਾ ਦੀ ਮਾਤਾ ਰਾਜ ਰਾਣੀ ਨੇ ਦੱਸਿਆ ਕਿ ਉਨ੍ਹਾਂ ਆਪਣੀ ਬੇਟੀ ਮਨਦੀਪ ਦੇਵੀ ਦਾ ਵਿਆਹ ਪਿੰਡ ਪੰਜਗਰਾਈਆਂ (ਸੰਗਰੂਰ) ਦੇ ਜਸਵਿੰਦਰ ਕੁਮਾਰ ਨਾਲ ਕੀਤਾ ਸੀ ਤੇ ਵਿਆਹ ਤੋਂ ਕੁਝ ਸਮੇਂ ਬਾਅਦ ਜਸਵਿੰਦਰ ਕੁਮਾਰ ਦੀ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਜਸਵਿੰਦਰ ਕੁਮਾਰ ਦੀ ਮੌਤ ਤੋਂ ਬਾਅਦ ਸਹੁਰੇ ਪਰਿਵਾਰ ਵੱਲੋਂ ਬਣਦਾ ਹੱਕ ਨਾ ਦਿੱਤੇ ਜਾਣ ਕਾਰਨ ਮਨਦੀਪ ਦੇਵੀ ਆਪਣੇ ਦੋਵੇਂ ਬੱਚਿਆਂ ਸਮੇਤ ਪਿਛਲੇ 10 ਸਾਲ ਤੋਂ ਪੇਕੇ ਪਿੰਡ ਨੰਗਲ ਰਹਿ ਰਹੀ ਹੈ ਤੇ ਸਹੁਰਾ ਪਰਿਵਾਰ ਹੱਕ ਦੇਣ ਤੋਂ ਇਨਕਾਰੀ ਹੈ। ਇਸ ਮੌਕੇ ਪਹੁੰਚੇ ਨਾਇਬ ਤਹਿਸੀਲਦਾਰ ਆਸ਼ੂ ਪ੍ਰਭਾਤ ਜੋਸ਼ੀ, ਏਐੱਸਪੀ ਮਹਿਲ ਕਲਾਂ ਸ਼ੁਭਮ ਅਗਰਵਾਲ, ਐੱਸਐੱਚਓ ਬਲਜੀਤ ਸਿੰਘ ਢਿੱਲੋਂ ਨੇ ਪੀੜਤ ਲੜਕੀ ਨੂੰ ਮੋਹਤਬਰਾਂ ਦੀ ਹਾਜ਼ਰੀ ਵਿੱਚ ਇਨਸਾਫ ਦਾ ਭਰੋਸਾ ਦਿੱਤਾ, ਜਿਸ ਬਾਅਦ ਲੜਕੀ ਅਤੇ ਉਸਦੇ ਬੱਚੇ ਨੂੰ ਹੇਠਾਂ ਉਤਾਰਿਆ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਪੀੜਤ ਲੜਕੀ ਤੇ ਉਸਦੇ ਬੱਚਿਆਂ ਨੂੰ ਇਨਸਾਫ ਨਾ ਦਿੱਤਾ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ।