ਜੋਗਿੰਦਰ ਸਿੰਘ ਮਾਨ
ਮਾਨਸਾ, 18 ਜੁਲਾਈ
ਮਾਨਸਾ ਜ਼ਿਲ੍ਹੇ ਵਿੱਚ ਚਾਂਦਪੁਰਾ ਬੰਨ੍ਹ ਨੇੜੇ ਘੱਗਰ ’ਚ ਪਏ ਪਾੜ ਨੂੰ ਪੂਰਨ ਲਈ ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਦੀ ਸਹਿਮਤੀ ਨਾਲ ਫੌਜ ਦੇ ਇੰਜਨੀਅਰਾਂ ਨੇ ਜੰਗੀ ਪੱਧਰ ’ਤੇ ਕੰਮ ਸ਼ੁਰੂ ਕੀਤਾ ਹੀ ਸੀ ਕਿ ਐਨ ਮੌਕੇ ਹਰਿਆਣਾ ਸਰਕਾਰ ਵੱਲੋਂ ਲਾਈ ਧਾਰਾ 144 ਨਾ ਤੋੜਨ ਕਾਰਨ ਕੰਮ ਮੁੜ ਬੰਦ ਹੋ ਗਿਆ। ਹੁਣ ਪਾੜ ਪੂਰਨ ਦਾ ਕੰਮ ਭਲਕੇ ਨਵੇਂ ਸਿਰੇ ਤੋਂ ਆਰੰਭ ਹੋਵੇਗਾ, ਜਿਸ ਦੀ ਪੁਸ਼ਟੀ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਕੀਤੀ। ਚਾਂਦਪੁਰਾ ਬੰਨ੍ਹ ਦਾ ਇਹ ਪਾੜ ਪੂਰਨ ਨਾਲ ਬੁਢਲਾਡਾ ਹਲਕੇ ਦੇ ਕਈ ਪਿੰਡਾਂ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਜਾਵੇਗਾ। ਇਹ ਬੰਨ੍ਹ 15 ਜੁਲਾਈ ਨੂੰ ਸਵੇਰੇ ਸਾਢੇ 5 ਵਜੇ ਟੁੱਟਿਆ ਸੀ ਅਤੇ ਇਸ ਨੂੰ ਪੂਰਨ ਦਾ ਕਾਰਜ ਅੱਜ ਸ਼ਾਮ ਨੂੰ ਵੱਡੀ ਪੱਧਰ ’ਤੇ ਆਰੰਭ ਹੋਣ ਦੀ ਉਮੀਦ ਸੀ, ਜੋ ਸ਼ੁਰੂ ਹੁੰਦੇ ਹੀ ਬੰਦ ਹੋ ਗਿਆ।
ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ਚਾਂਦਪੁਰਾ ਬੰਨ੍ਹ ’ਚ ਪਾੜ ਪੈਣ ਵਾਲੇ ਦਿਨ ਤੋਂ ਜ਼ਿਲ੍ਹਾ ਪ੍ਰਸਾਸ਼ਨ ਮਾਨਸਾ, ਹਰਿਆਣਾ ਸਰਕਾਰ ਕੋਲੋਂ ਬੰਨ੍ਹ ਪੂਰਨ ਦੀ ਇਜਾਜ਼ਤ ਲੈਣ ’ਚ ਜੁਟਿਆ ਹੋਇਆ ਸੀ, ਜੋ ਮਿਲਣ ਕਾਰਨ ਪਾੜ੍ਹ ਪੂਰਨ ਦਾ ਕੰਮ ਸ਼ੁਰੂ ਹੀ ਹੋਇਆ ਸੀ ਕਿ ਧਾਰਾ 144 ਕਾਰਨ ਮੁੜ ਬੰਦ ਹੋ ਗਿਆ।
ਉਨ੍ਹਾਂ ਦੱਸਿਆ ਕਿ ਬੰਨ੍ਹ ਪੂਰਨ ’ਚ ਪੈਦਾ ਹੋਏ ਇਸ ਅੜਿੱਕੇ ਨੂੰ ਦੂਰ ਕਰਨ ਲਈ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਹਰਿਆਣਾ ਸਰਕਾਰ ਨਾਲ ਸੰਪਰਕ ਕਰਕੇ ਕਿਹਾ ਗਿਆ ਸੀ ਕਿ ਹਰਿਆਣਾ ਸਰਕਾਰ ਬੰਨ੍ਹ ਨੂੰ ਬੰਦ ਕਰੇ ਜਾਂ ਫਿਰ ਪੰਜਾਬ ਨੂੰ ਇਸ ਦੇ ਬੰਦ ਕਰਨ ਸਬੰਧੀ ਇਜਾਜ਼ਤ ਦਿੱਤੀ ਜਾਵੇ। ਪਾਰਟੀ ਆਗੂ ਨੇ ਦੱਸਿਆ ਕਿ ਹਰਿਆਣਾ ਸਰਕਾਰ ਨੇ ਇੱਕ ਹੀ ਸ਼ਰਤ ਰੱਖੀ ਹੈ ਕਿ ਬੰਨ੍ਹ ’ਤੇ ਫੌਜ ਤੋਂ ਬਿਨਾਂ ਕੋਈ ਪ੍ਰਾਈਵੇਟ ਵਿਅਕਤੀ ਨਾ ਜਾਵੇ, ਜੇਕਰ ਅਜਿਹਾ ਕੀਤਾ ਗਿਆ ਤਾਂ ਉਹ ਬੰਨ੍ਹ ਪੂਰਨ ਦਾ ਕੰਮ ਬੰਦ ਕਰਵਾ ਦੇਣਗੇ।
ਵਿਧਾਇਕ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਰਿਆਣਾ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਉੱਥੇ ਸਿਰਫ ਫੌਜ ਅਤੇ ਪੰਜਾਬ ਦੇ ਕੁਝ ਅਧਿਕਾਰੀ ਹੀ ਹੋਣਗੇ, ਇਸ ਲਈ ਇਸ ਗੱਲ ਦਾ ਧਿਆਨ ਰੱਖਿਆ ਜਾਵੇ।
ਬੁੱਧਰਾਮ ਵੱਲੋਂ ਪ੍ਰਭਾਵਿਤ ਪਿੰਡਾਂ ਦਾ ਜਾਇਜ਼ਾ
ਆਮ ਆਦਮੀ ਪਾਰਟੀ ਦੇ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਅੱਜ ਹੜ੍ਹ ਮਾਰੇ ਇਲਾਕਿਆਂ ਦਾ ਦੌਰਾ ਕਰਦਿਆਂ ਪਿੰਡਾਂ ਦੇ ਲੋਕਾਂ ਦੇ ਦੁੱਖਾਂ ਨੂੰ ਸੁਣਿਆ। ਉਨ੍ਹਾਂ ਦੱਸਿਆ ਕਿ ਭਾਵੇਂ ਪਿੰਡਾਂ ਵਿੱਚ ਬਿਜਲੀ ਸਪਲਾਈ ਸਮੇਤ ਪੀਣ ਵਾਲੇ ਪਾਣੀ ਅਤੇ ਪਸ਼ੂਆਂ ਦੇ ਹਰੇ-ਚਾਰੇ ਦੀ ਵੱਡੀ ਤਕਲੀਫ਼ ਹੈ, ਜਿਸ ਨੂੰ ਲਗਾਤਾਰ ਦੂਰ ਕਰਨ ਦਾ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਤੱਕ ਸਿਹਤ ਸੇਵਾਵਾਂ ਤੋਂ ਲੈਕੇ ਹੋਰ ਤਕਲੀਫ਼ਾਂ ਦੇ ਹੱਲ ਸਮੇਤ ਹਰ ਲੋੜੀਂਦੀਆਂ ਵਸਤੂਆਂ ਪਹੁੰਚਾਉਣ ਦਾ ਬੰਦੋਬਸਤ ਕੀਤਾ ਗਿਆ ਹੈ। ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਪਿੰਡ ਦਸਮੇਸ਼ ਨਗਰ, ਸ਼ੇਰ ਖਾਂ ਵਾਲਾ, ਮੰਘਾਣੀਆਂ, ਗੰਢੂ ਖੁਰਦ, ਗੰਢੂ ਕਲਾਂ, ਲੱਖੀਵਾਲ, ਤਾਲਬ ਵਾਲਾ, ਗਾਮੀਵਾਲਾ, ਹਾਕਮਵਾਲਾ ਪਿੰਡਾਂ ਵਿੱਚ ਹੜ੍ਹ ਦਾ ਪਾਣੀ ਰੋਕਣ ਲਈ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਨੇ ਬੀਰੇਵਾਲਾ ਡੋਗਰਾ ਪਿੰਡ ਦੇ ਭਾਖੜਾ ਨਹਿਰ ’ਤੇ ਬੈਠੇ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ।