ਲੰਬੀ (ਇਕਬਾਲ ਸਿੰਘ ਸ਼ਾਂਤ): ਪੰਜਾਬ ਸਰਕਾਰ ਅਤੇ ਖੇਤੀ ਮੰਤਰੀ ਗੁਰਮੀਤ ਖੁੱਡੀਆਂ ਦੀ ਵਾਅਦਾਖਿਲਾਫ਼ੀ ਵਿਰੁੱਧ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਪਹਿਲੀ ਸਤੰਬਰ ਤੋਂ ਖੇਤੀ ਮੰਤਰੀ ਦੇ ਘਰ ਮੂਹਰੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਸਬੰਧੀ ਮਿਠੜੀ ਬੁੱਧਗਿਰ ਅਤੇ ਫਤੂਹੀਵਾਲਾ ਵਿੱਚ ਜਨਤਕ ਮੀਟਿੰਗਾਂ ਕੀਤੀਆਂ ਗਈਆਂ। ਖੇਤੀ ਮੰਤਰੀ ਦੇ ਘਰ ਮੂਹਰੇ ਧਰਨੇ ਦੇ ਪਹਿਲੇ ਦਿਨ ਹੀ ਮਰਹੂਮ ਜ਼ਿਲ੍ਹਾ ਪ੍ਰਧਾਨ ਨਾਨਕ ਸਿੰਘ ਦੀ ਦਸਵੀਂ ਬਰਸੀ ਮਨਾਈ ਜਾਵੇਗੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਆਗੂ ਕਾਲਾ ਸਿੰਘ ਅਤੇ ਮੱਖਣ ਸਿੰਘ ਨੇ ਆਖਿਆ ਕਿ ਨਾ ਸਿਰਫ਼ ਆਪ ਸਰਕਾਰ ਹੀ ਆਪਣੇ ਵਾਅਦਿਆਂ ਤੋਂ ਭੱਜ ਗਈ, ਸਗੋਂ ਖੇਤੀ ਮੰਤਰੀ ਵੀ ਮਜ਼ਦੂਰ ਮਸਲਿਆਂ ਦੇ ਹੱਲ ਲਈ ਮੁੱਖ ਮੰਤਰੀ ਨਾਲ ਮੀਟਿੰਗਾਂ ਕਰਾਉਣ ਦੇ ਜਨਤਕ ਐਲਾਨਾਂ ’ਤੇ ਖਰੇ ਨਹੀਂ ਉੱਤਰੇ ਹਨ। ਉਨ੍ਹਾਂ ਆਖਿਆ ਕਿ ਮੰਤਰੀ ਖੁੱਡੀਆਂ ਵੱਲੋਂ ਅੰਦੋਲਨਾਂ ਦੌਰਾਨ ਮਜ਼ਦੂਰਾਂ ਕਿਸਾਨਾਂ ’ਤੇ ਜ਼ਿਲ੍ਹੇ ਵਿੱਚ ਬਣੇ ਕੇਸ ਵਾਪਸ ਕਰਾਉਣ ਦੇ ਵਾਅਦੇ ਦੇ ਉਲਟ 28 ਮਾਰਚ ਨੂੰ ਸਬ ਤਹਿਸੀਲ ਲੰਬੀ ਵਿੱਚ ਕਿਸਾਨਾਂ ਮਜ਼ਦੂਰਾਂ ’ਤੇ ਲਾਠੀਚਾਰਜ ਤੋਂ ਬਾਅਦ ਦਰਜ ਕੇਸ ਦਾ ਅਦਾਲਤੀ ਚਾਲਾਨ ਵੀ ਪੇਸ਼ ਕਰ ਦਿੱਤਾ ਗਿਆ। ਮਜ਼ਦੂਰ ਆਗੂਆਂ ਨੇ ਐਲਾਨ ਕੀਤਾ ਕਿ ਮੰਗਾਂ ਸਬੰਧੀ ਧਰਨੇ ਵਿੱਚ ਇਲਾਕੇ ਭਰ ’ਚੋਂ ਵੱਡੀ ਗਿਣਤੀ ਮਜ਼ਦੂਰਾਂ ਦੀ ਸ਼ਮੂਲੀਅਤ ਕਰਵਾਉਣ ਲਈ ਮੁਹਿੰਮ ਹੋਰ ਵੀ ਤੇਜ਼ ਕੀਤੀ ਜਾਵੇਗੀ।