ਜੋਗਿੰਦਰ ਸਿੰਘ ਮਾਨ/ਬਲਜੀਤ ਸਿੰਘ
ਮਾਨਸਾ, 14 ਜੂਨ
ਪੁਲੀਸ ਨੇ ਜਾਅਲੀ ਪਾਸ ਰਾਹੀਂ ਪਰਵਾਸੀ ਮਜ਼ਦੂਰਾਂ ਨੂੰ ਯੂਪੀ ਛੱਡਣ ਜਾ ਰਹੇ ਬੱਸ ਡਰਾਈਵਰਾਂ ਤੇ ਮਾਲਕ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਮਾਨਸਾ ਦੇ ਐੱਸ.ਐੱਸ.ਪੀ. ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਇਸ ਸਬੰਧੀ ਮਾਨਸਾ ਪੁਲੀਸ ਨੇ 5 ਡਰਾਈਵਰਾਂ ਤੇ ਬੱਸ ਮਾਲਕ ਨੂੰ ਮੌਕੇ ‘ਤੇ ਗ੍ਰਿਫ਼ਤਾਰ ਕਰ ਕੇ ਕੇਸ ਦਰਜ ਕੀਤਾ ਹੈ।
ਐੱਸਐੱਸਪੀ ਨੇ ਦੱਸਿਆ ਕਿ ਪਰਵਾਸੀ ਮਜ਼ਦੂਰਾਂ ਨੂੰ ਉੱਤਰ ਪ੍ਰਦੇਸ਼ ਦੇ ਮੋਹੋਬਾ ਵਿੱਚ ਛੱਡਣ ਲਈ ਮੋਟੀ ਰਕਮ ਵਸੂਲਣ ਵਾਲੇ ਇਨ੍ਹਾਂ ਬੱਸ ਚਾਲਕਾਂ/ਮਾਲਕਾਂ ਵੱਲੋਂ ਜਾਅਲੀ ਕਰਫਿਊ ਪਾਸ ਬਣਾ ਕੇ ਛੱਡਣ ਲਈ ਲਿਜਾਇਆ ਜਾ ਰਿਹਾ ਸੀ। ਡਾ. ਭਾਰਗਵ ਨੇ ਦੱਸਿਆ ਕਿ ਇਸ ਸਬੰਧੀ ਨੂਰ ਚਹਿਲ ਬੱਸ ਟਰਾਂਸਪੋਰਟ ਦੇ ਪਰਮਜੀਤ ਸਿੰਘ, ਬੰਟੀ ਸੇਠ ਅਤੇ ਜਸਬੀਰ ਸਿੰਘ, ਜੋਗੀ ਪੀਰ ਬੱਸ ਟਰਾਂਸਪੋਰਟ ਦੇ ਗੋਮੀ ਸਿੰਘ, ਸੋਹਲ ਬੱਸ ਦੇ ਬਲਬੀਰ ਸਿੰਘ ਅਤੇ ਭਾਈ ਬਹਿਲੋ ਬੱਸ ਸਰਵਿਸ ਦੇ ਅਮਰੀਕ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਬੱਸ ਕੰਪਨੀ ਦੇ ਮਾਲਕਾਂ ਸੁਰਿੰਦਰ ਕੁਮਾਰ, ਹਰਮਿੰਦਰ ਸਿੰਘ, ਬਲਕਰਨ ਸਿੰਘ ਅਤੇ ਮਨਪ੍ਰੀਤ ਸਿੰਘ ਖਿਲਾਫ਼ ਕੇਸ ਦਰਜ ਕੀਤਾ ਗਿਆ। ਇਹ ਸਾਰੇ ਵਿਅਕਤੀ ਮਾਨਸਾ ਜ਼ਿਲ੍ਹੇ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਬੱਸ ਵਿੱਚ ਕਿਸੇ ਵੀ ਤਰ੍ਹਾਂ ਦੀ ਸਮਾਜਿਕ ਦੂਰੀ ਦਾ ਕੋਈ ਧਿਆਨ ਵੀ ਨਹੀਂ ਰੱਖਿਆ ਗਿਆ ਸੀ।
ਡਾ. ਭਾਰਗਵ ਨੇ ਦੱਸਿਆ ਕਿ ਉਪਰੋਕਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਮਾਨਸਾ ਪੁਲੀਸ ਵੱਲੋਂ ਮਜ਼ਦੂਰਾਂ,ਜਿਨ੍ਹਾਂ ਵਿੱਚ 150 ਪੁਰਸ਼, 80 ਔਰਤਾਂ ਅਤੇ 115 ਬੱਚੇ ਸ਼ਾਮਿਲ ਸਨ, ਨੂੰ ਨਾਈਟ ਸ਼ੈਲਟਰ ਅਤੇ ਖਾਣਾ ਮੁਹੱਈਆ ਕਰਵਾਇਆ ਗਿਆ। ਇਸ ਤੋਂ ਇਲਾਵਾ ਇਨ੍ਹਾਂ ਪ੍ਰਵਾਸੀਆਂ ਦੀ ਮੈਡੀਕਲ ਸਕਰੀਨਿੰਗ ਵੀ ਕਰਵਾਈ ਗਈ।
ਐੱਸ.ਐੱਸ.ਪੀ. ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਪੁਲੀਸ ਵੱਲੋਂ ਇਨ੍ਹਾਂ ਪਰਵਾਸੀਆਂ ਨੂੰ ਬੱਸਾਂ ਅਤੇ ਸਹੀ ਪਾਸ ਮੁਹੱਈਆ ਕਰਵਾਕੇ ਕੋਵਿਡ-19 ਦੀਆਂ ਸਾਵਧਾਨੀਆਂ ਦਾ ਧਿਆਨ ਰੱਖਦਿਆਂ ਉਨ੍ਹਾਂ ਦੀ ਮੰਜ਼ਿਲ ਮੋਹੋਬਾ (ਯੂ.ਪੀ.) ਲਈ ਰਵਾਨਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮਾਮਲੇ ਦੀ ਤਫ਼ਤੀਸ਼ ਹਾਲੇ ਜਾਰੀ ਹੈ।