ਪੱਤਰ ਪ੍ਰੇਰਕ
ਮਾਨਸਾ, 24 ਮਈ
ਭਾਸ਼ਾ ਵਿਭਾਗ ਮਾਨਸਾ ਵੱਲੋਂ ਇੱਥੇ ਐਸ.ਡੀ. ਕੰਨਿਆ ਮਹਾਂਵਿਦਿਆਲਿਆ ਵਿੱਚ ਆਜ਼ਾਦੀ ਦੇ 75ਵੇਂ ਮਹਾਂਉਤਸਵ ਨੂੰ ਸਮਰਪਿਤ ਕਹਾਣੀ ਦਰਬਾਰ ਕਰਵਾਇਆ ਗਿਆ। ਦਰਬਾਰ ਵਿੱਚ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ਤੋਂ ਪਹੁੰਚੇ ਲੇਖਕਾਂ ਨੇ ਸ਼ਿਰਕਤ ਕੀਤੀ ਅਤੇ ਆਪੋ ਆਪਣੀਆਂ ਕਹਾਣੀਆਂ ਨਾਲ ਰੰਗ ਬੰਨ੍ਹਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਐੱਸ.ਡੀ. ਕੰਨਿਆ ਮਹਾਂਵਿਦਿਆਲਾ ਦੇ ਪ੍ਰਧਾਨ ਇੰਜ. ਵਿਨੋਦ ਕੁਮਾਰ, ਪ੍ਰਿੰਸੀਪਲ ਜਗਮੋਹਣੀ ਗਾਬਾ, ਜ਼ਿਲਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਤੇ ਜ਼ਿਲ੍ਹਾ ਭਾਸ਼ਾ ਕਮੇਟੀ ਦੇ ਮੈਂਬਰ ਜਸਬੀਰ ਢੰਡ ਸ਼ਾਮਲ ਹੋਏ। ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਨੇ ਵਿਭਾਗੀ ਪ੍ਰਕਾਸ਼ਨਾਵਾਂ ਅਤੇ ਰਾਜ ਭਾਸ਼ਾ ਐਕਟ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਹਾਣੀ ਦਰਬਾਰ ਵਿਚ ਵੱਖ-ਵੱਖ ਲੇਖਕਾਂ ਜਸਬੀਰ ਢੰਡ ਨੇ ‘ਆਵਾਜ਼ਾਂ’, ਜਗਦੀਸ਼ ਰਾਏ ਕੁਲਰੀਆਂ ਨੇ ‘ਜ਼ਿੰਦਗੀ’, ਦਰਸ਼ਨ ਸਿੰਘ ਬਰੇਟਾ ਨੇ ‘ਪ੍ਰਤੀਬਿੰਬ’, ਜੋਗਿੰਦਰ ਕੌਰ ਅਗਨੀਹੋਤਰੀ ਨੇ ‘ਲੋਹੜੀ’, ਗੁਰਸੇਵਕ ਸਿੰਘ ਰੋੜਕੀ ਨੇ ‘ਸੰਘਰਸ਼’ ਤੇ ਭੁਪਿੰਦਰ ਫੌਜੀ ਨੇ ‘ਸ਼ੱਕ’ ਕਹਾਣੀਆਂ ਦਾ ਉਚਾਰਣ ਕੀਤਾ। ਇਸ ਮੌਕੇ ਕਹਾਣੀ ਦਰਬਾਰ ਵਿੱਚ ਸ਼ਾਮਲ ਲੇਖਕਾਂ ਨੂੰ ਵਿਭਾਗ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।